– ਘਰੇਲੂ ਝਗੜਿਆਂ ਨੂੰ ਨਿਪਟਾਉਣ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ ਪੁਲਿਸ ਵੂਮੈਨ ਸੈਲ
– ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਅਤੇ ਕਾਊਂਸਲਿੰਗ ਰਾਹੀਂ ਮਾਮਲੇ ਨਿਪਟਾਉਣ ਨੂੰ ਦਿੱਤੀ ਜਾਂਦੀ ਹੈ ਤਰਜੀਹ
ਐਸ.ਏ.ਐਸ. ਨਗਰ, 30 ਜੂਨ (ਵਿਸ਼ਵ ਵਾਰਤਾ)- ਘਰੇਲੂ ਝਗੜਿਆਂ ਨੂੰ ਨਿਪਟਾਉਣ ਲਈ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਵੂਮੈਨ ਪੁਲਿਸ ਸਟੇਸ਼ਨ/ਵੂਮੈਨ ਸੈਲ ਬੇਹੱਦ ਲਾਹੇਵੰਦ ਸਾਬਿਤ ਹੋ ਰਹੇ ਹਨ ਤੇ ਜਿ.ਲਾ ਐਸ.ਏ.ਐਸ ਨਗਰ ਵਿੱਚ ਇਸ ਸਾਲ ਜੂਨ ਮਹੀਨੇ ਤੱਕ ਵੱਖ-ਵੱਖ 340 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੂਮੈਨ ਪੁਲਿਸ ਸਟੇਸ਼ਨ ਵਿਚਲੇ ਵੂਮੈਨ ਸੈੱਲ ਦੀ ਕਾਊਂਸਲਿੰਗ ਇੰਚਾਰਜ ਇੰਸਪੈਕਟਰ ਜੈਸਮੀਨ ਕੌਰ ਨੇ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੂਮੈਨ ਪੁਲਿਸ ਸਟੇਸ਼ਨ/ਵੂਮੈਨ ਸੈਲ, ਜਿਹੜਾ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ‘ਤੇ ਸਥਿਤ ਹੈ, ਵਿਖੇ ਜ਼ਿਲਾ ‘ਚ ਪੈਂਦੀਆਂ ਸਬ-ਡਵੀਜ਼ਨਾਂ ਮੋਹਾਲੀ, ਖਰੜ ਅਤੇ ਡੇਰਾਬਸੀ ਨਾਲ ਸਬੰਧਤ ਮਹਿਲਾਵਾਂ ਸਬੰਧੀ ਘਰੇਲੂ ਝਗੜਿਆਂ ਦੇ ਫੈਸਲੇ ਦੋਵਾਂ ਧਿਰਾਂ ਦੀ ਸੁਣਵਾਈ ਕਰਨ ਉਪਰੰਤ ਆਪਸੀ ਸਹਿਮਤੀ ਨਾਲ ਕਰਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹੇ ਵੂਮੈਨ ਪੁਲਿਸ ਸਟੇਸ਼ਨ/ਵੂਮੈਨ ਸੈਲ ਪੰਜਾਬ ਭਰ ਵਿੱਚ ਪਰਿਵਾਰਾਂ ਨੂੰ ਆਪਸ ਵਿੱਚ ਜੋੜਨ ‘ਚ ਬੇਹੱਦ ਸਹਾਈ ਸਿੱਧ ਹੋ ਰਹੇ ਹਨ।
ਇੰਚਾਰਜ ਨੇ ਦੱਸਿਆ ਕਿ ਸਾਲ ੨੦੧੮ ਵਿੱਚ ਜੂਨ ਮਹੀਨੇ ਤੱਕ ਜਿ.ਲਾ ਐਸ.ਏ.ਐਸ ਨਗਰ ਵਿਚਲੇ ਵੂਮੈਨ ਸੈਲ ਵੱਲੋਂ ੩੪੦ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ, ਜਿਨਾ ਵਿੱਚੋਂ ੮੬ ਫੈਸਲੇ ਇਕੱਠੇ ਰਹਿਣ ਦੇ ਅਤੇ ੬੭ ਫੈਸਲੇ ਤਲਾਕ ਦੇ ਹੋਏ ਹਨ। ਦੋਵੇਂ ਧਿਰਾਂ ਦੀ ਸਹਿਮਤੀ ਨਾਲ ੧੭੭ ਕੇਸਾਂ ਨੂੰ ਦਾਖ਼ਲ ਦਫ਼ਤਰ ਕੀਤਾ ਗਿਆ ਹੈ ਤੇ ੧੦ ਕੇਸ ਮੁਕੱਦਮਾ ਦਰਜ ਕਰਨ ਲਈ ਭੇਜੇ ਗਏ ਹਨ। ਸਾਲ ੨੦੧੭ ਵਿਚ ਵੂਮੈਨ ਪੁਲਿਸ ਸਟੇਸ਼ਨ ਵਿੱਚ ਕੁੱਲ ੧੦੭੭ ਦਰਖਾਸਤਾਂ ਆਈਆਂ ਜਿਨਾ ਵਿੱਚ ਸਾਲ ੨੦੧੬ ਦੀਆਂ ੨੩੯ ਪੈਂਡਿੰਗ ਦਰਖਾਸਤਾਂ ਵੀ ਸ਼ਾਮਿਲ ਸਨ। ਸਾਲ ੨੦੧੭ ਵਿਚ ੯੧੫ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ੧੬੨ ਕੇਸ ਪੈਂਡਿੰਗ ਰਹੇ ਸਨ। ਇਨਾ ਵਿੱਚ ੧੪੩ ਤਲਾਕ ਦੇ ਫੈਸਲੇ ਕਰਵਾਏ ਗਏ ਅਤੇ ੨੨੪ ਕੇਸਾਂ ਵਿਚ ਇੱਕਠੇ ਰਹਿਣ ਦੇ ਫੈਸਲੇ ਕਰਵਾਏ ਗਏ। ੧੪ ਕੇਸਾਂ ਵਿੱਚ ਮੁਕੱਦਮੇ ਦਰਜ ਕਰਨ ਸਬੰਧੀ ਸਿਫਾਰਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ੫੩੪ ਮਾਮਲੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਦਾਖਲ ਦਫਤਰ ਕੀਤੇ ਗਏ। ਸਾਲ ੨੦੧੬ ਵੱਖ ਵੱਖ ਤਰਾ ਦੇ ੭੮੯ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਸੀ।
ਸ੍ਰੀਮਤੀ ਜੈਸਮੀਨ ਕੌਰ ਨੇ ਦੱਸਿਆ ਕਿ ਵੂਮੈਨ ਪੁਲਿਸ ਸਟੇਸ਼ਨਾਂ ਰਾਹੀਂ ਮਹਿਲਾਵਾਂ ਨਾਲ ਸਬੰਧਿਤ ਵੱਖ ਵੱਖ ਪਰਿਵਾਰਿਕ ਝਗੜਿਆਂ ਨੂੰ ਪਾਰਦਰਸ਼ਤਾ ਨਾਲ ਪਹਿਲ ਦੇ ਅਧਾਰ ‘ਤੇ ਨਿਪਟਾਇਆ ਜਾਂਦਾ ਹੈ ਅਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਵੂਮੈਨ ਸੈਲ ਰਾਹੀਂ ਕਾਊਂਸਲਿੰਗ ਕੀਤੀ ਜਾਂਦੀ ਹੈ, ਜਿਸ ਨਾਲ ਦੋਵਾਂ ਧਿਰਾਂ ਵਿੱਚ ਆਪਸੀ ਤਕਰਾਰ ਖਤਮ ਹੁੰਦਾ ਹੈ ਅਤੇ ਮੁੜ ਤੋਂ ਨਵੀਂ ਪਰਿਵਾਰਕ ਜਿੰਦਗੀ ਸ਼ੁਰੂ ਹੁੰਦੀ ਹੈ। ਇਨਾ ਫੈਸਲਿਆਂ ਨਾਲ ਜਿੱਥੇ ਪਰਿਵਾਰਾਂ ਦੇ ਪੈਸੇ ਦੀ ਬੱਚਤ ਹੁੰਦੀ ਹੈ, ਉੱਥੇ ਉਨਾ ਦੀ ਖੱਜਲ ਖੁਆਰੀ ਵੀ ਘੱਟਦੀ ਹੈ।
ਇੰਸਪੈਕਟਰ ਜੈਸਮੀਨ ਕੌਰ ਕਾਊਸਲਿੰਗ ਇੰਚਾਰਜ ਨੇ ਦੱਸਿਆ ਕਿ ਜਿਹੜੇ ਪਰਿਵਾਰਕ ਝਗੜੇ ਸਾਲਾਂ ਬੱਧੀ ਜਾਂ ਕਈ ਮਹੀਨਿਆਂ ਵਿੱਚ ਹੱਲ ਨਹੀਂ ਹੋ ਸਕੇ, ਉਹ ਝਗੜੇ ਵੂਮੈਨ ਪੁਲਿਸ ਸਟੇਸ਼ਨ ਵਿੱਚ ਦੋਵੇਂ ਧਿਰਾਂ ਦੀ ਕਾਊਂਸਲਿੰਗ ਕਰਕੇ ਹਫਤੇ ਦੇ ਅੰਦਰ ਅੰਦਰ ਵੀ ਨਿਬੇੜੇ ਗਏ ਹਨ।