ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜਰੀ ਵਿਚ ਰਾਜਨ ਗਰਗ ਨੇ ਸੰਭਾਲਿਆ ਜ਼ਿਲਾ ਪਲਾਨਿੰਗ ਬੋਰਡ ਦਾ ਅਹੁਦਾ
ਬਜਟ ਉਪਬੰਧਾਂ ਤੋਂ ਬਿਨਾਂ ਬਠਿੰਡਾ ਜ਼ਿਲੇ ਨੂੰ ਵਿਕਾਸ ਕਾਰਜਾਂ ਲਈ 50 ਕਰੋੜ ਦੇਣ ਦਾ ਕੀਤਾ ਐਲਾਨ

ਬਠਿੰਡਾ, 24 ਜੁਲਾਈ (ਵਿਸ਼ਵ ਵਾਰਤਾ)ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਬਾਦਲ ਦੀ ਹਾਜਰੀ ਵਿਚ ਅੱਜ ਇੱਥੇ ਸੀਨਿਅਰ ਕਾਂਗਰਸੀ ਆਗੂ ਸ੍ਰੀ ਰਾਜਨ ਗਰਗ ਨੇ ਜ਼ਿਲਾ ਪਲਾਨਿੰਗ ਬੋਰਡ ਦਾ ਅਹੁਦਾ ਸੰਭਾਲ ਲਿਆ।
ਇਸ ਮੌਕੇ ਸ: ਮਨਪ੍ਰੀਤ ਸਿੰਘ ਬਾਦਲ ਨੇ ਸ੍ਰੀ ਰਾਜਨ ਗਰਗ ਨੂੰ ਸੁਭਕਾਮਨਾਵਾਂ ਭੇਂਟ ਕਰਦਿਆਂ ਕਿਹਾ ਕਿ ਪਾਰਟੀ ਪ੍ਰਤੀ ਲੰਬੀਆਂ ਸੇਵਾਵਾਂ ਕਾਰਨ ਉਨਾਂ ਨੂੰ ਪਾਰਟੀ ਨੇ ਇਹ ਮਾਣ ਦਿੱਤਾ ਹੈ ਅਤੇ ਉਹ ਆਸ ਪ੍ਰਗਟ ਕਰਦੇ ਹਨ ਕਿ ਸ੍ਰੀ ਗਰਗ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਊਂਦੇ ਹੋਏ ਲੋਕਾਂ ਦੀਆਂ ਆਸਾਂ ਊਮੀਦਾਂ ਤੇ ਖਰੇ ਉਤਰਨਗੇ। ਉਨਾਂ ਨੇ ਕਿਹਾ ਕਿ ਸਿਆਸਤ ਇਕ ਵੱਡੀ ਸੇਵਾ ਹੈ ਅਤੇ ਰਾਜਨ ਗਰਗ ਦਾ ਲੰਬਾ ਸਮਾਜਿਕ ਅਤੇ ਸਿਆਸੀ ਸਫਰ ਦਾ ਤਜਰਬਾ ਉਨਾਂ ਨੂੰ ਇਸ ਅਹੁਦੇ ਦੀ ਮਰਿਆਦਾ ਕਾਇਮ ਰੱਖਦੇ ਹੋਏ ਆਪਣੇ ਜ਼ਿਲੇ ਦੀ ਬਿਹਤਰੀ ਲਈ ਕੰਮ ਕਰਨ ਵਿਚ ਉਨਾਂ ਦਾ ਮਜਬੂਤ ਪੱਖ ਸਾਬਤ ਹੋਵੇਗਾ।
ਇਸ ਮੌਕੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਜ਼ਿਲੇ ਨੂੰ ਬਜਟ ਵਿਚ ਕੀਤੇ ਉਪਬੰਧਾਂ ਤੋਂ ਬਿਨਾਂ 50 ਕਰੋੜ ਰੁਪਏ ਦੀ ਹੋਰ ਗ੍ਰਾਂਟ ਵਿਕਾਜ ਕਾਰਜਾਂ ਲਈ ਦੇਣ ਦਾ ਐਲਾਣ ਕੀਤਾ। ਇਹ ਰਕਮ ਜ਼ਿਲਾ ਪਲਾਨਿੰਗ ਬੋਰਡ ਦੇ ਮਾਰਫ਼ਤ ਵਿਊਂਤਬੰਦ ਕੀਤੇ ਵਿਕਾਸ ਕਾਰਜਾਂ ਤੇ ਖਰਚ ਕੀਤੀ ਜਾਵੇਗੀ।
ਇਸ ਦੌਰਾਨ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨਾਲ ਜ਼ਿਲਾ ਬਾਰ ਐਸੋਸੀਏਸ਼ਨ ਦਾ ਵਫਦ ਵੀ ਪ੍ਰਧਾਨ ਐਡਵੋਕੇਟ ਲੱਖਇੰਦਰਦੀਪ ਸਿੰਘ ਭਾਈਕਾ ਦੀ ਅਗਵਾਈ ਵਿਚ ਮਿਲਿਆ ਅਤੇ ਵਿੱਤ ਮੰਤਰੀ ਨੇ ਜ਼ਿਲਾ ਬਾਰ ਐਸੋਸੀਏਸ਼ਨ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਣ ਵੀ ਕੀਤਾ।
ਇਸ ਮੌਕੇ ਸ੍ਰੀ ਰਾਜਨ ਗਰਗ ਨੇ ਆਪਣੇ ਨਾਮਜਦਗੀ ਲਈ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਵਿੱਤ ਮੰਤਰੀ ਵੱਲੋਂ ਉਨਾਂ ਵਿਚ ਜੋ ਵਿਸਵਾਸ ਪ੍ਰਗਟਾਇਆ ਗਿਆ ਹੈ ਉਸਤੇ ਖਰਾ ਉਤਰਨਗੇ।
ਇੱਥੇ ਜਿਕਰਯੋਗ ਹੈ ਕਿ ਸ੍ਰੀ ਰਾਜਨ ਗਰਗ ਇਸਤੋਂ ਪਹਿਲਾਂ ਵੱਖ ਵੱਖ ਸਿਆਸੀ ਅਤੇ ਸਮਾਜਿਕ ਅਹੁਦਿਆਂ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਅ ਚੁੱਕੇ ਹਨ। ਉਹ ਪਿੱਛਲੇ 25 ਸਾਲਾਂ ਤੋਂ ਸਿਆਸੀ ਤੇ ਸਮਾਜਿਕ ਖੇਤਰਾਂ ਵਿਚ ਸੇਵਾ ਨਿਭਾਅ ਰਹੇ ਹਨ।
ਵਿੱਤ ਮੰਤਰੀ ਨੇ ਸ਼ਹਿਰ ਦੇ ਅਕਾਲੀ ਵਿਰੋਧੀ ਨੂੰ ਕਰੜੇ ਹਥੀਂ ਲੈਦਿਆਂ ਕਿਹਾ ਕਿ ਵਿਰੋਧੀਆਂ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਦੇ ਮਾੜੇ ਪ੍ਰਬੰਧ ਹੋਣ ਦੇ ਲਾਏ ਦੋਸ਼ਾਂ ਅਤੇ ਪਾਣੀ ਵਿੱਚ ਖੜ੍ਹ ਕੇ ਹੋਏ ਲਾਈਵ ਤੇ ਕੁਮੈਂਟ ਕਰਦਿਆਂ ਕਿਹਾ ਕਿ ਵਿਰੋਧੀਆਂ ਕੋਲ ਅੱਜ ਬੋਲਣ ਲਈ ਕੁਝ ਵੀ ਨਹੀਂ ਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਪ੍ਰਬੰਧ ਹੋਰ ਮਜ਼ਬੂਤ ਹੋਣਗੇ ਤੇ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਪਹਿਲਾ ਪਾਣੀ ਹਫਤਿਆਂ ਚ ਨਿਕਲਦਾ ਸੀ ਹੁਣ ਵਿਊਂਤਬੰਦੀ ਨਾਲ ਕੀਤੇ ਕੰਮ ਨਾਲ ਬਰਸਾਤੀ ਪਾਣੀ 3-4 ਘੰਟਿਆਂ ਵਿੱਚ ਸ਼ਹਿਰ ਚੋਂ ਨਿਕਾਸ ਹੋ ਜਾਂਦਾ ਹੈ।
ਇਸ ਮੌਕੇ ਚਿਰੰਜੀ ਲਾਲ ਗਰਗ, ਜੈਜੀਤ ਜੌਹਲ ,ਅਰੁਣ ਵਧਾਵਨ, ਕੇ ਕੇ ਅਗਰਵਾਲ, ਮੇਅਰ ਰਮਨ ਗੋਇਲ, ਅਸ਼ੋਕ ਕੁਮਾਰ, ਹਰਮੰਦਰ ਸਿੰਘ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਗੁਰਇਕਬਾਲ ਚਹਿਲ, ਅਵਤਾਰ ਸਿੰਘ, ਅਤੇ ਸਮੂਹ ਕੌਂਸਲਰ ਵੀ ਹਾਜਰ ਸਨ।






















