ਬੱਚਿਆਂ ਨੇ ਖੂਬਸੂਰਤ ਪੇਟਿੰਗ ਤੇ ਕਵਿਤਾਵਾਂ ਰਾਹੀਂ ਵਾਤਾਵਰਣ ਨੂੰ ਬਚਾਓ ਦਾ ਦਿੱਤਾ ਸੁਨੇਹਾ
ਮਾਨਸਾ, 22 ਅਪਰੈਲ ( ਵਿਸ਼ਵ ਵਾਰਤਾ)- ਅੱਜ ਵਿਸ਼ਵ ਧਰਤ ਦਿਵਸ ਮੌਕੇ ਜ਼ਿਲ੍ਹੇ ਭਰ ਵਿੱਚ ਸਕੂਲ ਅਧਿਆਪਕਾਂ ਦੀ ਅਗਵਾਈ ਵਿੱਚ ਘਰ ਬੈਠੇ ਵਿਦਿਆਰਥੀਆਂ ਨੇ ਆਪਣੀਆਂ ਪੇਟਿੰਗ,ਭਾਸ਼ਨ,ਕਵਿਤਾਵਾਂ ਰਾਹੀਂ ਵਾਤਾਵਰਣ ਨੂੰ ਬਚਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਕਰੋਨਾ ਦੇ ਭਿਆਨਕ ਵਰਤਾਰੇ ਦੌਰਾਨ ਅਤੇ ਸਮੇਂ-ਸਮੇਂ ਆਈਆਂ ਆਫਤਾਂ ਨੇ ਸਾਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਜੇਕਰ ਅਸੀਂ ਵਾਤਾਵਰਣ ਦੀ ਸੰਭਾਲ ਲਈ ਗੰਭੀਰ ਉਪਰਾਲੇ ਨਾ ਕਰ ਸਕੇ ਤਾਂ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੇ ਸਕੂਲ ਮੁਖੀ ਡਾ.ਬੂਟਾ ਸਿੰਘ ਤੇ ਪੰਜਾਬੀ ਅਧਿਆਪਕਾ ਰਾਜਿੰਦਰ ਕੌਰ ਦੀ ਦੇਖ-ਰੇਖ ਦੌਰਾਨ ਦਸਵੀਂ ਕਲਾਸ ਦੇ ਵਿਦਿਆਰਥੀਆਂ ਦਾ ਵਾਤਾਵਰਣ ਸਬੰਧੀ ਪੇਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਦੌਰਾਨ ਜਸਪ੍ਰੀਤ ਕੌਰ,ਮਨਪ੍ਰੀਤ ਸਿੰਘ,ਰਾਜਿੰਦਰ ਕੌਰ ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੇ ਸਕੂਲ ਮੁੱਖੀ ਗੁਰਨਾਮ ਸਿੰਘ ਨੇ ਪੰਜਵੀਂ ਕਲਾਸ ਦੀ ਬੱਚੀ ਮਨਜੀਤ ਕੌਰ ਵੱਲੋਂ ਧਰਤੀ ਬਚਾਓ ਸਬੰਧੀ ਪੇਟਿੰਗ ਵੱਖ-ਵੱਖ ਸਿੱਖਿਆ ਗਰੁੱਪਾਂ ‘ਤੇ ਵਿਖਾਈ। ਜੋਗਾ ਦੇ ਐਲੀਮੈਂਟਰੀ ਸਕੂਲ ਦੇ ਮੁੱਖੀ ਬਬੀਤਾ ਰਾਣੀ ਅਤੇ ਮੋਨਿਕਾ ਜਿੰਦਲ ਦੀ ਦੇਖ-ਰੇਖ ਹੇਠ ਜਸ਼ਨਦੀਪ ਕੌਰ ਤੇ ਹੋਰਨਾਂ ਵਿਦਿਆਰਥਣਾਂ ਵੱਲੋਂ ਧਰਤ ਦਿਵਸ ‘ਤੇ ਆਪਣੀਆਂ ਪੇਟਿੰਗਾਂ ਬਣਾਈਆਂ।
ਇਸ ਤੋਂ ਇਲਾਵਾ ਵੱਖ-ਵੱਖ ਜ਼ੂਮ ਮੀਟਿੰਗਾਂ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਜਗਰੂਪ ਭਾਰਤੀ ਤੇ ਗੁਰਲਾਭ ਸਿੰਘ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਬਚਾਉਣ ਸਬੰਧੀ ਗੰਭੀਰ ਯਤਨ ਕਰਨ ‘ਤੇ ਜ਼ੋਰ ਦਿੱਤਾ।