ਵਿਰਾਟ ਕੋਹਲੀ ਬਣਿਆ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ 5ਵਾਂ ਬੱਲੇਬਾਜ਼
ਚੰਡੀਗੜ੍ਹ,21ਜੁਲਾਈ(ਵਿਸ਼ਵ ਵਾਰਤਾ)- ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ 100ਵਾਂ ਟੈਸਟ ਵੀ ਹੈ। ਆਪਣਾ 500ਵਾਂ ਅੰਤਰਰਾਸ਼ਟਰੀ ਮੈਚ ਖੇਡ ਰਹੇ ਵਿਰਾਟ ਕੋਹਲੀ 87 ਦੌੜਾਂ ਬਣਾ ਕੇ ਨਾਬਾਦ ਪਰਤੇ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ 5ਵਾਂ ਬੱਲੇਬਾਜ਼ ਬਣ ਗਿਆ। ਵਿਰਾਟ ਅੰਤਰਰਾਸ਼ਟਰੀ ਕ੍ਰਿਕਟ ਦੇ ਟਾਪ-5 ਸਕੋਰਰਾਂ ਵਿੱਚ ਸ਼ਾਮਿਲ ਹੋ ਗਏ ਹਨ। ਵਿਰਾਟ ਕੋਹਲੀ ਦੂਜੇ ਟੈਸਟ ਦੇ ਪਹਿਲੇ ਦਿਨ 87 ਦੌੜਾਂ ਬਣਾ ਕੇ ਨਾਟ ਆਊਟ ਰਹੇ। ਇਸ ਪਾਰੀ ਨਾਲ ਉਹਨਾਂ ਦੇ ਅੰਤਰਰਾਸ਼ਟਰੀ ਕ੍ਰਿਕਟ ‘ਚ 25,548 ਦੌੜਾਂ ਪੂਰੀਆਂ ਹੋ ਗਈਆਂ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ‘ਚ 5ਵੇਂ ਨੰਬਰ ‘ਤੇ ਪਹੁੰਚ ਗਏ ਹਨ। ਉਸ ਨੇ ਦੱਖਣੀ ਅਫਰੀਕਾ ਦੇ ਦਿੱਗਜ ਆਲਰਾਊਂਡਰ ਜੈਕ ਕੈਲਿਸ ਨੂੰ ਪਿੱਛੇ ਛੱਡ ਦਿੱਤਾ। ਕੈਲਿਸ ਨੇ 519 ਮੈਚਾਂ ‘ਚ 25,534 ਦੌੜਾਂ ਬਣਾਈਆਂ ਹਨ। ਸ੍ਰੀਲੰਕਾ ਦਾ ਮਹੇਲਾ ਜੈਵਰਧਨੇ 652 ਮੈਚਾਂ ਵਿੱਚ 25,957 ਦੌੜਾਂ ਬਣਾ ਕੇ ਚੌਥੇ ਨੰਬਰ ’ਤੇ ਕੋਹਲੀ ਤੋਂ ਅੱਗੇ ਹੈ। ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ, ਉਨ੍ਹਾਂ ਨੇ 34,357 ਦੌੜਾਂ ਬਣਾਈਆਂ ਹਨ।