‘ਵਿਧਾਨ ਸਭਾ ਚੋਣਾਂ 2022’
12 ਅਬਜ਼ਰਵਰਾਂ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਚੋਣਾਂ ਸਬੰਧੀ ਸਮੁੱਚੇ ਪ੍ਰਬੰਧਾਂ ਦਾ ਜਾਇਜਾ
-ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਦੀ ਹਦਾਇਤ
-ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ
-ਜਨਰਲ, ਪੁਲਿਸ ਤੇ ਖ਼ਰਚਾ ਆਬਜ਼ਰਵਰਾਂ ਵੱਲੋਂ ਡਿਪਟੀ ਕਮਿਸ਼ਨਰ, ਐਸ.ਐਸ.ਪੀ., ਆਰ.ਓਜ਼ ਤੇ ਨੋਡਲ ਅਧਿਕਾਰੀਆਂ ਨਾਲ ਮੀਟਿੰਗ
ਪਟਿਆਲਾ, 1 ਫਰਵਰੀ (ਵਿਸ਼ਵ ਵਾਰਤਾ):-ਭਾਰਤ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪਟਿਆਲਾ ਲਈ ਤਾਇਨਾਤ ਕੀਤੇ 8 ਜਨਰਲ ਅਬਜ਼ਰਵਰਾਂ ਸਮੇਤ ਇੱਕ ਪੁਲਿਸ ਅਬਜ਼ਰਵਰ ਤੇ 3 ਖ਼ਰਚਾ ਆਬਜਰਵਰਾਂ ਨੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਐਸ.ਪੀ. ਡਾ. ਸੰਦੀਪ ਗਰਗ, ਰਿਟਰਨਿੰਗ ਅਧਿਕਾਰੀਆਂ ਅਤੇ ਬਾਕੀ ਨੋਡਲ ਅਫ਼ਸਰਾਂ ਨਾਲ ਬੈਠਕ ਕਰਕੇ ਚੋਣ ਪ੍ਰਕ੍ਰਿਆ ਦਾ ਜਾਇਜ਼ਾ ਲਿਆ।
ਪਟਿਆਲਾ ਪੁੱਜੇ ਜਨਰਲ ਆਬਜ਼ਰਵਰਾਂ ਸ੍ਰੀ ਬਰੁਣ ਕੁਮਾਰ ਸਾਹੂ ਤੇ ਸ੍ਰੀ ਸੰਜੇ ਕੁਮਾਰ, ਸ੍ਰੀ ਸੰਜੇ ਕੁਮਾਰ, ਸ੍ਰੀ ਵਿਜੇ ਕੁਮਾਰ, ਸ੍ਰੀ ਵਿਸ਼ਰਾਮ ਮੀਨਾ, ਸ੍ਰੀ ਸ਼ਿਆਮ ਸੁੰਦਰ ਲੀਲਾਧਰ ਪਾਟਿਲ, ਸ੍ਰੀ ਰਾਧੇ ਸ਼ਿਆਮ, ਡਾ. ਦੇਵੀਦਰਸ਼ਨ ਉਪਾਧਿਆਏ, ਪੁਲਿਸ ਆਬਜ਼ਰਵਰ ਸ੍ਰੀ ਸਚਿਨ ਮਿੱਤਲ ਅਤੇ ਖ਼ਰਚਾ ਆਬਜਰਵਰਾਂ ਸ੍ਰੀਮਤੀ ਪ੍ਰਿੰਸੀ ਸਿੰਗਲਾ, ਸ੍ਰੀ ਗੌਰੀ ਸ਼ੰਕਰ ਤੇ ਸ੍ਰੀ ਅਵਨੀਸ਼ ਕੁਮਾਰ ਨੇ ਸਮੂਹ ਰਿਟਰਨਿੰਗ ਅਧਿਕਾਰੀਆਂ ਅਤੇ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
ਚੋਣ ਆਬਜ਼ਰਵਰ ਸ੍ਰੀ ਬਰੁਣ ਕੁਮਾਰ ਸਾਹੂ ਨੇ ਇਸ ਮੌਕੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ‘ਚ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਸਖ਼ਤੀ ਵਰਤਣ ਸਮੇਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਸਖ਼ਤੀ ਨਾਲ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਸ਼ਿਕਾਇਤ ਮਿਲਣ ‘ਤੇ ਉਡਣ ਦਸਤਿਆਂ ਦੀਆਂ ਟੀਮਾਂ ਵੀਡੀਓ ਟੀਮ ਸਮੇਤ ਤੁਰੰਤ ਹਰਕਤ ‘ਚ ਆਉਣ ਅਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਉਨ੍ਹਾਂ ਦੇ ਨੋਟਿਸ ‘ਚ ਲਿਆਂਦਾ ਜਾਵੇ। ਇਸ ਤੋਂ ਬਿਨ੍ਹਾਂ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਫਾਰਮੇ ਭਰ ਕੇ ਰਿਪੋਰਟ ਰੋਜ਼ਾਨਾ ਭੇਜਣੀ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਪੋਲਿੰਗ ਬੂਥਾਂ ਸਬੰਧੀ ਕ੍ਰਿਟੀਕਲ, ਵਨਰੇਬਲਿਟੀ, ਸੰਵੇਦਨਸ਼ੀਲਤਾ ਤੇ ਨਾਜ਼ੁਕ ਹੋਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਕਮਿਸ਼ਨ ਦੀਆਂ ਹੋਰ ਹਦਾਇਤਾਂ ਤੋਂ ਜਾਣੂ ਕਰਵਾਇਆ।
ਆਬਜ਼ਰਵਰਾਂ ਨੇ ਇਹ ਵੀ ਹਦਾਇਤ ਕੀਤੀ ਕਿ ਚੋਣਾਂ ਦੌਰਾਨ ਨਸ਼ੀਲੇ ਪਦਾਰਥਾਂ, ਕਾਲਾ ਧਨ, ਤੋਹਫੇ ਜਾਂ ਵੋਟਰਾਂ ਨੂੰ ਭਰਮਾਉਣ ਲਈ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਵੰਡਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ‘ਤੇ ਸਖ਼ਤ ਨਜ਼ਰ ਰੱਖੀ ਜਾਵੇ। ਸਮੁੱਚੀ ਚੋਣ ਪ੍ਰਕ੍ਰਿਆ ਦੌਰਾਨ ਕੀਤੇ ਜਾ ਰਹੇ ਪ੍ਰਬੰਧਾਂ ਦਾ ਮੁਕੰਮਲ ਜਾਇਜਾ ਲੈਂਦਿਆਂ ਉਨ੍ਹਾਂ ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਸਮੂਹ ਆਬਜਰਵਰਾਂ ਨੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਅਤੇ ਇਨ੍ਹਾਂ ਚੋਣਾਂ ਦੌਰਾਨ ਨਸ਼ੀਲੇ ਪਦਾਰਥਾਂ, ਕਾਲਾ ਧਨ, ਤੋਹਫੇ ਜਾਂ ਵੋਟਰਾਂ ਨੂੰ ਭਰਮਾਉਣ ਲਈ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਵੰਡਣ ਤੋਂ ਗੁਰੇਜ਼ ਕਰਨ, ਕਿਉਂਕਿ ਅਜਿਹਾ ਮਾਮਲਾ ਸਾਹਮਣੇ ਆਉਣ ਦੀ ਸੂਰਤ ‘ਚ ਚੋਣ ਕਮਿਸ਼ਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਆਬਜਰਵਰਾਂ ਦਾ ਜ਼ਿਲ੍ਹੇ ‘ਚ ਪੁੱਜਣ ‘ਤੇ ਸਵਾਗਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ਅਤੇ ਚੋਣ ਪ੍ਰਬੰਧਾਂ ਬਾਰੇ ਵਿਸਥਾਰ ‘ਚ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸ਼ਨ ਵੱਲੋਂ ਚੋਣ ਅਮਲ ਨੂੰ ਨਿਰਪੱਖਤਾ, ਪਾਰਦਰਸ਼ਤਾ ਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਜਾਵੇਗਾ। ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਪੁਲਿਸ ਬਲਾਂ ਦੀ ਤਾਇਨਾਤੀ, ਸੁਰੱਖਿਆ ਪ੍ਰਬੰਧਾਂ ਸਮੇਤ ਅੰਤਰਰਾਜੀ ਨਾਕਿਆਂ ਤੇ ਪੁਲਿਸ ਦੀ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਇਆ।
ਇਸ ਮੌਕੇ ਏ.ਡੀ.ਸੀ (ਡੀ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਐਸ.ਪੀ. ਸਥਾਨਕ ਹਰਕੰਵਲ ਕੌਰ, ਐਸ.ਪੀ. ਸਿਟੀ ਹਰਪਾਲ ਸਿੰਘ, ਐਸ.ਡੀ.ਐਮ. ਚਰਨਜੀਤ ਸਿੰਘ ਸਮੇਤ ਵੀਡੀਓ ਕਾਨਫਰੰਸਿੰਗ ਰਾਹੀਂ ਮੌਜੂਦ ਰਿਟਰਨਿੰਗ ਅਧਿਕਾਰੀ, ਸਹਾਇਕ ਕਮਿਸ਼ਨਰ ਕਿਰਨ ਸ਼ਰਮਾ ਸਮੇਤ ਹੋਰ ਨੋਡਲ ਅਧਿਕਾਰੀ ਮੌਜੂਦ ਸਨ।
***********























