ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਵਣ ਵਿਭਾਗ ਦੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਰਸੋਈ ਗੈਸ ਸਿਲੰਡਰਾਂ ਦੀ ਵੰਡ

ਬਲਾਚੌਰ, 20 ਅਪ੍ਰੈਲ :(ਵਿਸ਼ਵ ਵਾਰਤਾ /ਰਮਨਦੀਪ ਸਿੰਘ ਗੈਰੀ ਬਹਿਲ)ਵਣ ਰੇਂਜ ਕਾਠਗੜ ਦੇ ਪਿੰਡ ਬਨਾਂ ਵਿਖੇ ਅੱਜ ਵਣ ਵਿਭਾਗ ਵੱਲੋਂ ਚਲਾਈ ਗਈ ਸਕੀਮ ‘ਫੂਡ ਸੇਵਿੰਗ ਅਪਲੀਐਂਸ’ ਅਧੀਨ ਲਾਭਪਾਤਰੀਆਂ ਨੂੰ ਕੁਕਿੰਗ ਗੈਸ ਸਿਲੰਡਰ ਵੰਡਣ ਦੀ ਸ਼ੁਰੂਆਤ ਹਲਕਾ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਕੀਤੀ ਗਈ। ਇਸ ਮੌਕੇ ਉਨਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਮੰਤਵ ਕੰਢੀ ਏਰੀਏ ਵਿਚ ਜੰਗਲਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਜੰਗਲਾਂ ਦੀ ਨਿਰਭਰਤਾ ਤੋਂ ਹਟਾ ਕੇ ਕੁਕਿੰਗ ਗੈਸ ਦਾ ਇਸਤੇਮਾਲ ਕਰਵਾਉਣਾ ਹੈ। ਉਨਾਂ ਕਿਹਾ ਕਿ ਇਹ ਲਾਭ ਪੰਜਾਬ ਸਰਕਾਰ ਵੱਲੋਂ ਉਨਾਂ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ, ਜਿਨਾਂ ਕੋਲ ਪਹਿਲਾਂ ਗੈਸ ਸਿਲੰਡਰ ਕੁਨੈਕਸ਼ਨ ਨਹੀਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੰਗਲਾਂ ਵਿਚੋਂ ਲੱਕੜ ਲਿਆਉਣ ਤੋਂ ਗੁਰੇਜ਼ ਕਰਨ, ਤਾਂ ਜੋ ਇਲਾਕੇ ਨੂੰ ਹਰਿਆ-ਭਰਿਆ ਰੱਖਿਆ ਜਾ ਸਕੇ। ਇਸ ਮੌਕੇ ਵਣ ਮੰਡਲ ਅਫ਼ਸਰ ਨਵਾਂਸ਼ਹਿਰ ਸਤਿੰਦਰ ਸਿੰਘ, ਵਣ ਰੇਂਜ ਅਫ਼ਸਰ ਕਾਠਗੜ ਰਘਬੀਰ ਸਿੰਘ, ਬਲਾਕ ਸੰਮਤੀ ਚੇਅਰਮੈਨ ਧਰਮਪਾਲ, ਸਰਪੰਚ ਗੁਰਮੀਤ ਕੌਰ, ਵਾਸਦੇਵ, ਧਰਮਪਾਲ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।






















