ਚੰਡੀਗੜ੍ਹ, 12 ਫਰਵਰੀ (ਵਿਸ਼ਵ ਵਾਰਤਾ) : ਵਿਜੀਲੈਂਸ ਬਿਓਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਫੂਲ-1 ਤੇ 2 ਜਿਲਾ ਬਠਿੰਡਾ ਵਿਖੇ ਤਾਇਨਾਤ ਇਕ ਪਟਵਾਰੀ ਅਤੇ ਉਸਦੇ ਸਹਾਇਕ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦਸਿਆ ਕਿ ਪਟਵਾਰੀ ਗੁਰਜੀਤ ਸਿੰਘ, ਮਾਲ ਹਲਕਾ ਫੂਲ-1 ਤੇ 2, ਬਠਿੰਡਾ ਅਤੇ ਉਸਦੇ ਸਹਾਇਕ ਜਸਵਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ, ਵਾਸੀ ਫੂਲ ਟਾਊਨ, ਜਿਲਾ ਬਠਿੰਡਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਕਿ ਉਕਤ ਪਟਵਾਰੀ ਅਤੇ ੳਸਦਾ ਸਹਾਇਕ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਜਮੀਨ ਦਾ ਇੰਤਕਾਲ ਉਸ ਦੇ ਨਾਮ ‘ਤੇ ਦਰਜ਼ ਕਰਨ ਬਦਲੇ 14000 ਰੁਪਏ ਦੀ ਮੰਗ ਕਰ ਰਿਹਾ ਹੈ ਤੇ ਸੌਦਾ 12000 ਰੁਪਏ ਵਿਚ ਤੈਅ ਹੋਇਆ ਹੈ।
ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਪਟਵਾਰੀ ਅਤੇ ਉਸਦੇ ਸਹਾਇਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 12000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।