ਚੰਡੀਗੜ੍ਹ 9 ਨਵੰਬਰ (ਵਿਸ਼ਵ ਵਾਰਤਾ) : ਵਿਜੀਲੈਂਸ ਬਿਓਰੋ ਪੰਜਾਬ ਦੇ ਮੁੱਖ ਡਾਇਰੈਕਟਰ ਸ਼੍ਰੀ ਬੀ.ਕੇ ਉੱਪਲ ਨੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਬਿਓਰੋ ਦੇ ਮਹੱਤਵਪੂਰਣ ਕੇਸਾਂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਗਤੀਵਿਧੀਆਂ ਸਬੰਧੀ ਵਿਚਾਰਾਂ ਕੀਤੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਵਿਜੀਲੈਂਸ ਬਿਓਰੋ ਦੇ ਡਾਇਰੈਕਟਰ ਅਤੇ ਏ.ਆਈ.ਜੀ ਵਿਜੀਲੈਂਸ/ਉਡਨ ਦੱਸਤਾ-1 ਵੀ ਹਾਜਰ ਸਨ।
ਮੀਟਿੰਗ ਦੌਰਾਨ ਸ੍ਰੀ ਉੱਪਲ ਨੇ ਸਿੰਚਾਈ ਵਿਭਾਗ ਵਿਚ ਹੋਏ ਘਪਲੇ ਵਿਚ ਸ਼ਾਮਲ ਵਿਭਾਗ ਦੇ ਇੰਜੀਨੀਅਰਾਂ ਅਤੇ ਠੇਕੇਦਾਰ ਗੁਰਿੰਦਰ ਸਿੰਘ ਖਿਲਾਫ ਦਰਜ ਕੇਸ (ਐਫ.ਆਈ.ਆਰ ਨੰਬਰ 10/2017) ਦੀ ਜਾਂਚ ‘ਤੇ ਵਿਸਥਾਰਤ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਇੰਜੀਨੀਅਰਾਂ ਨੂੰ ਹਾਈ ਕੋਰਟ ਦੁਆਰਾ ਦਿੱਤੀ ਅੰਤਰਿਮ ਜਮਾਨਤ ਬਾਰੇ ਦਿੱਤੇ ਗਏ ਆਦੇਸ਼ਾਂ ਸਬੰਧੀ ਅਤੇ ਐਡਵੋਕੇਟ ਜਨਰਲ ਵਲੋਂ ਪੇਸ਼ ਕੀਤੇ ਗਏ ਤੱਥਾਂ ਦੇ ਵੇਰਵੇ ਬਾਰੇ ਵੀ ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਵਿਜੀਲੈਂਸ ਮੁਖੀ ਨੇ ਬਿਓਰੋ ਦੁਆਰਾ ਪਿਛਲੇ ਦਿਨੀ ਵਿਜੀਲੈਂਸ ਜਾਗਰੂਕਤਾ ਹਫ਼ਤਾ-2017 ਦੌਰਾਨ ਰਾਜ ਭਰ ਵਿਚ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵੀ ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ ਜਿਸ ਦੌਰਾਨ ਵਿਜੀਲੈਂਸ ਵਲੋਂ ਪੰਚਾਇਤਾਂ ਅਤੇ ਵਿਦਿਅਕ ਸੰਸਥਾਵਾਂ ਵਿਚ, ਪੰਚਾਂ/ਸਰਪੰਚਾ, ਮੋਹਤਬਰਾਂ ਅਤੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਬਾਰੇ ਜਾਣੂੰ ਕਰਵਾਇਆ ਅਤੇ ਮੁਫ਼ਤ ਸਾਹਿਤ ਵੀ ਵੰਡਿਆ ਗਿਆ।
ਮੀਟਿੰਗ ਦੌਰਾਨ ਉਨ੍ਹਾਂ ਨੇ ਮੁੱਖ ਸਕੱਤਰ ਨਾਲ ਵਿਜੀਲੈਂਸ ਦੇ ਪ੍ਰਸ਼ਾਸਕੀ ਮਾਮਲਿਆਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ, ਜਿਸ ਦੌਰਾਨ ਬਿਓਰੋ ਵਿਚ ਵੱਡੀ ਗਿਣਤੀ ‘ਚ ਮੁਲਾਜਮਾਂ ਦੀ ਘਾਟ, ਖਜ਼ਾਨੇ ਵਿਚ ਬਕਾਇਆ ਬਿੱਲ ਜਾਰੀ ਕਰਨ ਅਤੇ ਐਸ.ਏ.ਐਸ ਨਗਰ ਵਿਖੇ ਵਿਜੀਲੈਂਸ ਬਿਓਰੋ ਭਵਨ ਦੇ ਨਿਰਮਾਣ ਦੀ ਪ੍ਰਗਤੀ ਬਾਰੇ ਵੀ ਜਾਣੂੰ ਕਰਵਾਇਆ।