ਐਸ.ਐਸ.ਪੀ. ਵਿਜੀਲੈਂਸ ਨੇ ਵੈਬੀਨਾਰ ਰਾਹੀਂ ਕੀਤਾ ਜਾਗਰੂਕ
ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਭ੍ਰਿਸ਼ਟਾਚਾਰ ਖਿਲਾਫ਼ ਅਵਾਜ਼ ਬੁਲੰਦ ਕਰਨ ਅਤੇ ਸ਼ਿਕਾਇਤ ਦਰਜ ਕਰਵਾਉਣ ਦੀ ਅਪੀਲ
ਜਲੰਧਰ 27 ਅਕਤੂਬਰ 2020 (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਪੰਜਾਬ ਵਲੋਂ 02 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਰੇਂਜ ਦੇ ਐਸ.ਐਸ.ਪੀ.ਵਿਜੀਲੈਂਸ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਪੁਲਿਸ ਲਾਈਨ ਵਿਖੇ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ ਵਿੱਚ ਵਿਜੀਲੈਂਸ ਬਿਊਰੋ ਜਲੰਧਰ ਦੇ ਕਰਮਚਾਰੀ ਅਤੇ ਵਿਜੀਲੈਂਸ ਬਿਊਰੋ ਯੂਨਿਟ ਜਲੰਧਰ ਦੇ ਡੀ.ਐਸ.ਪੀ.ਦਲਬੀਰ ਸਿੰਘ ਅਤੇ ਉਨਾਂ ਦੇ ਨਾਲ ਤਾਇਨਾਤ ਕਰਮਚਾਰੀਆਂ ਵਲੋਂ ਭਾਗ ਲਿਆ ਗਿਆ। ਇਸ ਮੌਕੇ ਜਾਗਰੂਕਤਾ ਸੈਮੀਨਾਰ ਵਿੱਚ ਸ਼ਾਮਿਲ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪਣਾ ਕੰਮ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਸਬੰਧੀ ਸਹੁੰ ਚੁਕਾਈ ਗਈ।
ਇਸ ਤੋਂ ਇਲਾਵਾ ਸੈਂਟਰਲ ਕੋਆਪਰੇਟਿਵ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜਾਗਰੂਕਤਾ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਬੈਂਕ ਦੇ ਜੀ.ਐਮ.ਰਾਜੀਵ ਸ਼ਰਮਾ, ਉਪ ਰਜਿਸਟਰਾਰ ਉਮੇਸ਼ ਕੁਮਾਰ ਵਰਮਾ ਅਤੇ ਦਫ਼ਤਰੀ ਅਮਲੇ ਨਾਲ ਸ਼ਾਮਿਲ ਹੋਏ। ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਐਸ.ਐਸ.ਪੀ. ਦਲਜਿੰਦਰ ਸਿੰਘ ਢਿਲੋਂ ਵਲੋਂ ਵਿਜੀਲੈਂਸ ਬਿਊਰੋ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਭ੍ਰਿਸ਼ਟਾਚਾਰ ਦੇ ਕਾਰਨਾਂ ‘ਤੇ ਚਰਚਾ ਕੀਤੀ ਗਈ। ਉਨ•ਾਂ ਕਿਹਾ ਕਿ ਆਮ ਤੌਰ ‘ਤੇ ਸਰਕਾਰੀ ਦਫ਼ਤਰਾਂ ਦੇ ਬਾਹਰ ਪ੍ਰਾਈਵੇਟ ਏਜੰਟ ਲੋਕਾਂ ਨੂੰ ਅਪਣਾ ਨਿਸ਼ਾਨਾ ਬਣਾਉਂਦੇ ਹਨ ,ਜਿਸ ਨਾਲ ਸਬੰਧਿਤ ਵਿਭਾਗ ਦੀ ਸਾਖ ‘ਤੇ ਦਾਗ ਲੱਗਦਾ ਹੈ। ਉਨ•ਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਅਨੁਸਾਰ ਸਰਕਾਰੀ ਕਰਮਚਾਰੀ ਵੀ ਇਸ ਗਲਤ ਕੰਮ ਦੀ ਵਜਾ ਕਰਕੇ ਕਾਨੂੰਨੀ ਕਾਰਵਾਈ ਦੇ ਪਾਤਰ ਬਣ ਜਾਂਦੇ ਹਨ। ਇਸ ਮੌਕੇ ਬੈਂਕਾਂ ਰਾਹੀਂ ਹੋਣ ਵਾਲੀ ਧੋਖਾ-ਧੜੀ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਵੈਬੀਨਾਰ ਦੌਰਾਨ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਅਪਣੇ ਬੱਚਿਆਂ, ਦੋਸਤਾਂ, ਰਿਸ਼ਤੇਦਾਰਾਂ ਅਤੇ ਹੋਰਨਾਂ ਨੂੰ ਵਿਜੀਲੈਂਸ ਜਾਗਰੂਕਤਾ ਪ੍ਰੋਗਰਾਮ ਬਾਰੇ ਦੱਸਣ ਅਤੇ ਸਾਰੇ ਲੋਕ ਇਕੱਠੇ ਹੋ ਕੇ ਭ੍ਰਿਸ਼ਟਾਚਾਰ ਵਿਰੁੱਧ ਅਵਾਜ਼ ਬੁਲੰਦ ਕਰਨ ਤਾਂ ਕਿ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਸਮੇਂ ਧੀਰਜ ਤੋਂ ਕੰਮ ਲੈਣ ਅਤੇ ਕੰਮ ਜਲਦੀ ਕਰਵਾਉਣ ਦੇ ਚੱਕਰ ਵਿੱਚ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਨੂੰ ਪੈਸੇ ਦੀ ਪੇਸ਼ਕਸ ਕਰਕੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਨਾ ਕਰਨ। ਐਸ.ਐਸ.ਪੀ.ਵਿਜੀਲੈਂਸ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਭਾਗ ਦਾ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਉਨਾਂ ਪਾਸੋਂ ਕੰਮ ਕਰਵਾਉਣ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਕਰਨ। ਉਨ•ਾਂ ਕਿਹਾ ਕਿ ਜੇਕਰ ਕਿਸੇ ਵਿਭਾਗ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਕੰਮ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਸਬੰਧੀ ਟੋਲ ਫਰੀ ਨੰਬਰ 1800-1800-1000 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਵਾਲ ਵੀ ਪੁੱਛੇ ਗਏ,ਜਿਨਾਂ ਦਾ ਐਸ.ਐਸ.ਪੀ.ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿਲੋਂ ਵਲੋਂ ਮੌਕੇ ‘ਤੇ ਹੀ ਜਵਾਬ ਦਿੱਤੇ ਗਏ।