vig
• 5 ਦੋਸ਼ੀ ਕਰਮਚਾਰੀਆਂ ਨੂੰ ਅਦਾਲਤ ਵੱਲੋਂ ਸਜਾਵਾਂ ਤੇ ਜ਼ੁਰਮਾਨੇ
ਚੰਡੀਗੜ, 23 ਮਈ (ਵਿਸ਼ਵ ਵਾਰਤਾ) : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਪਰੈਲ ਮਹੀਨੇ ਦੌਰਾਨ ਕੁੱਲ 11 ਛਾਪੇ ਮਾਰਕੇ 18 ਸਰਕਾਰੀ ਮੁਲਾਜ਼ਮਾਂ ਨੂੰ ਵੱਖ-ਵੱਖ ਕੇਸਾਂ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਿਨਾਂ ਵਿਚ ਮਾਲ ਮਹਿਕਮੇ ਦੇ 4 ਮੁਲਾਜ਼ਮ, ਪੁਲਿਸ ਵਿਭਾਗ ਦੇ 6 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 8 ਮੁਲਾਜਮ ਸ਼ਾਮਲ ਹਨ।
ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਬਿਓਰੋ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਕੇਸਾਂ ਦੇ 8 ਚਲਾਣ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ ਪੇਸ਼ ਕੀਤੇ ਗਏ। ਇਸੇ ਮਹੀਨੇ ਸਰਕਾਰੀ ਕਰਮਚਾਰੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ 12 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ। ਸਰਕਾਰੀ ਕਰਮਚਾਰੀਆਂ ਖਿਲਾਫ ਲੱਗੇ ਕੇਸਾਂ ਦੀ ਮੁਕੰਮਲ ਪੜਤਾਲ ਉਪਰੰਤ ਤਿੰਨ ਫੌਜਦਾਰੀ ਮੁਕੱਦਮੇ ਵੀ ਦਰਜ ਕੀਤੇ ਗਏ।
ਉਨਾਂ ਦੱਸਿਆ ਕਿ ਇਸੇ ਦੌਰਾਨ 3 ਮੁਕੱਦਮਿਆਂ ਵਿਚ ਵੱਖ-ਵੱਖ ਅਦਾਲਤਾਂ ਵਲੋਂ ਪੰਜ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਜੁਰਮਾਨੇ ਸੁਣਾਏ ਗਏ ਜਿਨਾਂ ਵਿਚ ਭੀਮ ਸਿੰਘ ਜੁਨੀਅਰ ਸਹਾਇਕ, ਪਰਵਿੰਦਰਜੀਤ ਸਿੰਘ ਕਲਰਕ ਅਤੇ ਬੰਟੀ ਕੁਮਾਰ ਨੰਬਰਦਾਰ, ਪਿੰਡ ਸੁਨੇਤ, ਲੁਧਿਆਣਾ ਨੂੰ ਰਿਸ਼ਵਤ ਦੇ ਕੇਸ ਵਿਚ ਵਧੀਕ ਸੈਸ਼ਨਜ਼ ਜੱਜ ਲੁਧਿਆਣਾ ਦੀ ਅਦਾਲਤ ਵੱਲੋਂ ਤਿੰਨ-ਤਿੰਨ ਸਾਲ ਦੀ ਸਜਾ ਸੁਣਾਈ ਗਈ। ਸਿਲਕੇਆਨਾ ਸਹਿਕਾਰੀ ਖੇਤੀ ਸੇਵਾ ਸਭਾ ਫਿਲੌਰ, ਜਲੰਧਰ ਵਿਖੇ ਤਾਇਨਾਤ ਸੇਲਜਮੈਨ ਸੁਰਜੀਤ ਸਿੰਘ ਨੂੰ ਵਧੀਕ ਸੈਸ਼ਨਜ਼ ਜੱਜ ਜਲੰਧਰ ਦੀ ਅਦਾਲਤ ਵੱਲੋਂ 3 ਸਾਲ ਦੀ ਕੈਦ ਅਤੇ 10,000 ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਇਸੇ ਤਰਾਂ ਸਿਵਲ ਸਰਜਨ ਦਫਤਰ ਲੁਧਿਆਣਾ ਵਿਖੇ ਤਾਇਨਾਤ ਸਟੋਰ ਕੀਪਰ ਵਿਨੋਦ ਕੁਮਾਰ ਨੂੰ ਵਧੀਕ ਸੈਸ਼ਨਜ਼ ਜੱਜ ਲੁਧਿਆਣਾ ਦੀ ਅਦਾਲਤ ਵੱਲੋਂ 5 ਸਾਲ ਦੀ ਕੈਦ ਅਤੇ 50 ਹਜਾਰ ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਗਈ।






















