ਚੰਡੀਗੜ੍ਹ, 11 ਮਈ (ਵਿਸ਼ਵ ਵਾਰਤਾ) : ਪੰਜਾਬ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਪੀ.ਐਸ.ਪੀ.ਸੀ.ਐਲ ਦੇ ਇਕ ਜੇ.ਈ ਨੂੰ 33500 ਰੁਪਏ ਅਤੇ ਵਕਫ਼ ਬੋਰਡ ਦੇ ਇਕ ਮੁਲਾਜਮ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਬ ਡਵੀਜਨ ਘਮਰੌਦਾ, ਤਹਿਸੀਲ ਨਾਭਾ, ਜਿਲਾ ਪਟਿਆਲਾ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਹਰਨੇਕ ਸਿੰਘ ਨੂੰ ਸ਼ਿਕਾਇਤਕਰਤਾ ਸਤਨਾਮ ਸਿੰਘ ਵਾਸੀ ਪਿੰਡ ਖੁਰਦ, ਤਹਿਸੀਲ ਨਾਭਾ, ਜਿਲਾ ਪਟਿਆਲਾ ਦੀ ਸ਼ਿਕਾਇਤ ‘ਤੇ 33,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਰਿਹਾਇਸ਼ੀ ਮਕਾਨ ਨੇੜਿਓਂ ਬਿਜਲੀ ਵਾਲਾ ਖੰਬਾ ਬਾਹਰ ਕਢਵਾਉਣ ਬਦਲੇ ਜੇ.ਈ 33,500 ਰੁਪਏ ਦੀ ਮੰਗ ਕਰ ਰਿਹਾ ਹੈ। ਦੱਸਣਯੋਗ ਹੈ ਕਿ ਦੋਸ਼ੀ ਜੇ.ਈ ਨੇ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਘਮਰੌਦਾ ਦੇ ਐਸ.ਡੀ.ਓ ਜੋਗਾ ਸਿੰਘ ਅਤੇ ਲਾਈਨਮੈਨ ਦਰਸ਼ਨ ਸਿੰਘ ਨਾਲ ਵੀ ਇਸ ਕੇਸ ਵਿਚੋਂ ਮਿਲਣ ਵਾਲੀ ਰਿਸ਼ਵਤ ਦੀ ਰਕਮ ਵਿਚਂੋ ਅਹੁਦੇ ਅਨੁਸਾਰ ਹਿੱਸਾ ਦੇਣ ਲਈ ਪਹਿਲਾਂ ਹੀ ਗੱਲਬਾਤ ਤੈਅਕੀਤੀ ਹੋਈ ਸੀ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਜੇ.ਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 33,500 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਅਤੇ ਉਕਤ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7,13 (2) ਅਤੇ 120-ਬੀ ਆਈ.ਪੀ.ਸੀ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਰਿਸ਼ਵਤ ਲੈਣ ਦੇ ਇਕ ਹੋਰ ਮਾਮਲੇ ਵਿਚ ਅੱਜ ਵਿਜੀਲੈਂਸ ਬਿਓਰੋ ਵਲੋਂ ਪੰਜਾਬ ਵਕਫ਼ ਬੋਰਡ ਰੂਪਨਗਰ ਵਿਖੇ ਤਾਇਨਾਤ ਰੈਂਟ ਕੁਲੈਕਟਰ ਸਲੀਮ ਬਹਾਦਰ ਨੂੰ ਸ਼ਿਕਾਇਤਕਰਤਾ ਰਾਜੇਸ਼ ਖਾਨ ਦੀ ਸ਼ਿਕਾਇਤ ‘ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਰੂਪਨਗਰ ਵਿਖੇ ਪੰਜਾਬ ਵਕਫ਼ ਬੋਰਡ ਦੀ 6 ਮਰਲਾ ਜਮੀਨ ਦਾ ਪੱਟਾ ਨਾਮਾ/ਲੀਜ਼ ਉਸ ਦੇ ਨਾਮ ‘ਤੇ ਕਰਨ ਬਦਲੇ ਰੈਂਟ ਕੁਲੈਕਟਰ ਉਸ ਤੋਂ 4 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਤੇ ਸੌਦਾ 3.75 ਲੱਖ ਵਿਚ ਤੈਅ ਹੋਇਆ ਹੈ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਰੈਂਟ ਕੁਲੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਲੁਧਿਆਣਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।