‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਦੀ ਤਲਾਸ਼ ਅੱਜ 24ਵੇਂ ਦਿਨ ਵੀ ਜਾਰੀ
18 ਮਾਰਚ ਤੋਂ ਫਰਾਰ ਹੈ ਅੰਮ੍ਰਿਤਪਾਲ
5 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਕਰ ਰਹੇ ਨੇ ਭਾਲ਼
ਚੰਡੀਗੜ੍ਹ,10ਅਪ੍ਰੈਲ(ਵਿਸ਼ਵ ਵਾਰਤਾ)-‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਕਰੀਬ 24 ਦਿਨਾਂ ਤੋਂ ਫਰਾਰ ਹੈ। ਇਸ ਦੌਰਾਨ 5 ਰਾਜਾਂ ਦੇ 150 ਬੱਸ ਅੱਡਿਆਂ ਅਤੇ 300 ਡੇਰਿਆਂ ‘ਤੇ 5 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਪਰ ਭਗੌੜਾ ਅੰਮ੍ਰਿਤਪਾਲ ਹਾਲੇ ਵੀ ਕਾਬੂ ਨਹੀਂ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਨਵੀਂ ਰਣਨੀਤੀ ਬਣਾਈ ਹੈ। ਇਹੀ ਕਾਰਨ ਹੈ ਕਿ ਸੂਬੇ ਦੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਛੁੱਟੀ ‘ਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ 14 ਅਪ੍ਰੈਲ ਤੋਂ ਪਹਿਲਾਂ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੀ ਰਣਨੀਤੀ ਤਹਿਤ ਅਜਨਾਲਾ, ਅਟਾਰੀ, ਖੇਮਕਰਨ, ਪੱਟੀ, ਭਿੱਖੀਵਿੰਡ, ਬਾਬਾ ਬਕਾਲਾ ਆਦਿ ਥਾਵਾਂ ‘ਤੇ ਜ਼ਬਰਦਸਤ ਨਾਕਾਬੰਦੀ ਕੀਤੀ ਗਈ ਹੈ।