ਨਵੀਂ ਦਿੱਲੀ, 3 ਨਵੰਬਰ (ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਰਲਡ ਫੂਡ ਇੰਡੀਆ (ਡਬਲਿਊਐਫਆਈ) 2017 ਨੇ ਠੇਕਾ ਖੇਤੀ, ਕੱਚੇ ਪਦਾਰਥਾਂ ਦੀ ਸੋਰਸਿੰਗ ਅਤੇ ਐਗਰੀ ਲਿੰਕੇਜਜ਼ ਦੀ ਉਸਾਰੀ ਵਰਗੇ ਖੇਤਰਾਂ ਵਿਚ ਬਹੁ-ਕੌਮੀ ਕੰਪਨੀਆਂ ਲਈ ਨਿਵੇਸ਼ ਦੇ ਦਰਵਾਜ਼ੇ ਖੋਲ ਦਿੱਤੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਨਿਵੇਸ਼ਕਾਂ ਨੂੰ ਭਾਰਤ ਵਿਚ ਆ ਕੇ ਉਤਪਾਦਨ ਅਤੇ ਪ੍ਰੋਸੈਸਿੰਗ ਦੇ ਜ਼ਰੀਏ ਖੁਸ਼ਹਾਲ ਹੋਣ ਦਾ ਸੱਦਾ ਦਿੱਤਾ।
ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਾਲੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਦੀ ਛੱਤਰ-ਛਾਇਆ ਹੇਠ ਕਰਵਾਏ ਡਬਲਿਊਐਫਆਈ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਸੁਪਰ ਮਾਰਕੀਟ ਕੰਪਨੀਆਂ ਲਈ ਆਪਣੀਆਂ ਵਸਤਾਂ ਭਾਰਤ ਵਿਚ ਵੇਚਣ ਦਾ ਇਹ ਬਹੁਤ ਵਧੀਆ ਮੌਕਾ ਹੈ। ਉਹਨਾਂ ਕਿਹਾ ਕਿ ਮੁੱਢਲੀ ਪ੍ਰੋਸੈਸਿੰਗ, ਫਸਲ ਦੀ ਕਟਾਈ ਮਗਰੋਂ ਸੰਭਾਲ, ਕੋਲਡ ਚੇਨਜ਼ ਅਤੇ ਰੀਫਰਿਜਰੇਟਿਡ ਟਰਾਂਸਪੋਰੇਟਸ਼ਨ ਵਿਚ ਵਿਸ਼ੇਸ਼ ਮੁਹਾਰਿਤ ਰੱਖਣ ਵਾਲੀਆਂ ਕੰਪਨੀਆਂ ਇਸ ਮੇਲੇ ਦਾ ਭਰਪੂਰ ਲਾਹਾ ਖੱਟ ਸਕਣਗੀਆਂ।
ਇੱਥੇ ਵਿਗਿਆਨ ਭਵਨ ਵਿਚ ਉੱਘੀਆਂ ਹਸਤੀਆਂ ਅਰਮੀਨੀਆ ਦੇ ਰਾਸ਼ਟਰਪਤੀ ਸਰਜ਼ ਸਰਗਸਯਾਨ, ਲੈਟਵੀਆ ਦੇ ਪ੍ਰਧਾਨ ਮੰਤਰੀ ਮਾਰਿਸ ਕੁਸਿਨਸਕਾਈਸ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਇੰਡਸਟਰੀ ਦੇ ਮੋਹਰੀਆਂ ਦੇ ਚੋਣਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸਾਰੇ ਸੂਬਿਆਂ ਨੂੰ ਕਿਸੇ ਇੱਕ ਖੁਰਾਕੀ ਵਸਤ ਵਿਚ ਵਿਸ਼ੇਸ਼ ਮੁਹਾਰਿਤ ਹਾਸਿਲ ਕਰਨ ਦਾ ਟੀਚਾ ਦਿੱਤਾ। ਉਹਨਾਂ ਕਿਹਾ ਕਿ ਡੇਅਰੀ ਵਸਤਾਂ, ਸ਼ਹਿਦ, ਮੋਟਾ ਅਨਾਜ ਅਤੇ ਬਾਜਰਾ, ਮਸਾਲੇ ਅਤੇ ਮੱਛੀ ਪਾਲਣ ਜਿਸ ਵਿਚ ਸਜਾਵਟੀ ਮੱਛੀ ਅਤੇ ਟ੍ਰਾਊਟ ਮੱਛੀ ਪਾਲਣਾ ਸ਼ਾਮਿਲ ਹੈ, ਅੰਦਰ ਬਹੁਤ ਵੱਡੇ ਮੌਕੇ ਪਏ ਹਨ। ਉਹਨਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਇਹਨਾਂ ਅਤੇ ਹੋਰ ਮੌਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿਚ ਜੈਵਿਕ ਖੇਤੀ ਅਤੇ ਅਦਰਕ, ਹਲਦੀ ਅਤੇ ਤੁਲਸੀ ਵਸਤਾਂ ਵਿਚ ਵਿਸ਼ੇਸ਼ ਮੁਹਾਰਿਤ ਹਾਸਿਲ ਕਰਨਾ ਵੀ ਸ਼ਾਮਿਲ ਹੈ।
ਆਪਣਾ ਉਦਘਾਟਨੀ ਭਾਸ਼ਣ ਦਿੰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਰਤ ਵਿਚ ਫੂਡ ਪ੍ਰੋਸੈਸਿੰਗ ਇਡੰਸਟਰੀ ਲਈ ਡਬਲਿਊਐਫਆਈ ਇਤਿਹਾਸਿਕ ਪ੍ਰਾਪਤੀ ਹੈ, ਜਿੱਥੇ 60 ਦੇਸ਼ਾਂ ਤੋਂ ਸੱਤ ਹਜ਼ਾਰ ਕਾਰੋਬਾਰੀ ਇੱਕ ਪਲੇਟਫਾਰਮ ਉੱਤੇ ਜੁੜ ਰਹੇ ਹਨ। ਉਹਨਾਂ ਕਿਹਾ ਕਿ ਇਸ ਮੇਲੇ ਦੌਰਾਨ 65 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਹਨਾਂ ਨਾਲ 10 ਲੱਖ ਤੋਂ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ।
ਬੀਬਾ ਬਾਦਲ ਨੇ ਉਹਨਾਂ ਦੇ ਮੰਤਰਾਲੇ ਵੱਲੋਂ ਕੀਤੇ ਗਏ ਅਹਿਮ ਕੰਮਾਂ ਦੀ ਪੇਸ਼ਕਾਰੀ ਵੀ ਦਿੱਤੀ, ਜਿਹਨਾਂ ਵਿਚ ਛੋਟੇ ਕਾਰੋਬਾਰੀਆਂ ਲਈ ਪਲੱਗ ਐਂਡ ਪਲੇਅ ਦੀ ਸਹੂਲਤ ਨਾਲ ਲੈਸ 42 ਮੈਗਾ ਫੂਡ ਪਾਰਕਾਂ ਦਾ ਨਿਰਮਾਣ ਕਰਨਾ ਸ਼ਾਮਿਲ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਮੰਤਰਾਲਾ 5 ਬਿਲੀਅਨ ਡਾਲਰ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਹੈ। ਇਸ ਮੌਕੇ ਉਹਨਾਂ ਨੇ ਸਾਰਿਆਂ ਨੂੰ ਭੋਜਨ ਦੀ ਬਰਬਾਦੀ ਖਿਲਾਫ ਇੱਕ ਜੰਗ ਛੇੜਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਆਰਗੈਨਿਕ ਅਤੇ ਫੋਰਟੀਫਾਈਡ ਫੂਡਜ਼ ਦੇ ਖੇਤਰਾਂ ਵਿਚ ਫੂਡ ਪ੍ਰੋਸੈਸਿੰਗ ਅਤੇ ਵੈਲਿਯੂ ਐਡੀਸ਼ਨ ਲਈ ਬਹੁਤ ਵੱਡੀ ਸੰਭਾਵਨਾ ਪਈ ਹੈ ਅਤੇ ਕਾਰੋਬਾਰੀਆਂ ਨੂੰ ਇਸ ਮੌਕੇ ਦਾ ਲਾਹਾ ਉਠਾਉਣ ਲਈ ਆਖਿਆ।
ਇਸ ਮੌਕੇ ਇੱਕ ਪੋਰਟਲ ‘ਨਿਵੇਸ਼ ਬੰਧੂ’ ਨੂੰ ਲਾਂਚ ਕੀਤਾ ਗਿਆ ਜਿਹੜੀ ਕਿ ਸੰਭਾਵੀ ਨਿਵੇਸ਼ਕਾਂ ਨੂੰ ਕੇਂਦਰੀ ਅਤੇ ਸੂਬਾਈ ਨੀਤੀਆਂ ਦੇ ਨਾਲ ਨਾਲ ਇਹਨਾਂ ਦੇ ਆਰਥਿਕ ਲਾਭਾਂ ਦੀ ਵੀ ਜਾਣਕਾਰੀ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਇੰਡੀਆ ਪੋਸਟ ਡਾਕ ਟਿਕਟਾਂ ਅਤੇ ਭਾਰਤ ਵਿਚ ਫੂਡ ਦੇ ਇਤਿਹਾਸ ਤੋਂ ਨਵੇਂ ਫੂਡ ਸਟਾਰਟ-ਅਪਸ ਤਕ ਬਾਰੇ ਇੱਕ ਕੌਫੀ ਟੇਬਲ ਬੁੱਕ ਨੂੰ ਜਾਰੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਇੰਡਸਟਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਾ ਬਾਬੂ ਨਾਇਡੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਇਟਲੀ, ਡੈਨਮਾਰਕ ਤੇ ਜਰਮਨੀ ਦੇ ਸੀਨੀਅਰ ਸਰਕਾਰੀ ਅਧਿਕਾਰੀ ਅਤੇ ਵੱਡੀਆਂ ਭਾਰਤੀ ਅਤੇ ਬਹੁ-ਕੌਮੀ ਕੰਪਨੀਆਂ ਦੇ ਸੀਈਓਜ਼ ਹਾਜ਼ਿਰ ਸਨ।
Breaking News : ਕੁੰਭ ਮੇਲੇ ਦੌਰਾਨ ਚਲਾਈਆਂ ਜਾਣਗੀਆਂ 992 ਸਪੈਸ਼ਲ ਟਰੇਨਾਂ ; ਰੇਲ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ
Breaking News : ਕੁੰਭ ਮੇਲੇ ਦੌਰਾਨ ਚਲਾਈਆਂ ਜਾਣਗੀਆਂ 992 ਸਪੈਸ਼ਲ ਟਰੇਨਾਂ ; ਰੇਲ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ ਚੰਡੀਗੜ੍ਹ, 30ਸਤੰਬਰ(ਵਿਸ਼ਵ...