ਵਧੀਆਂ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਖ਼ਿਲਾਫ਼ ਕੇਂਦਰ-ਸਰਕਾਰ ਖ਼ਿਲਾਫ਼ ਕੀਤੇ ਜਾਣ ਵਾਲੇ ਰੋਸ-ਪ੍ਰਦਰਸ਼ਨ ‘ਚ ਹਰ ਵਰਗ ਨੂੰ ਸ਼ਮੂਲੀਅਤ ਦਾ ਸੱਦਾ
ਸ਼ਾਂਤਮਈ-ਪ੍ਰਦਰਸ਼ਨ ਅਤੇ ਆਵਾਜਾਈ ਨਾ ਰੋਕਣ ਦੀ ਅਪੀਲ
ਚੰਡੀਗੜ੍ਹ,7 ਜੁਲਾਈ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼-ਵਿਆਪੀ ਸੱਦੇ ‘ਤੇ ਭਲਕੇ 8 ਜੁਲਾਈ ਨੂੰ 10 ਤੋਂ 12 ਵਜੇ ਤੱਕ 2 ਘੰਟਿਆਂ ਲਈ ਦੇਸ਼-ਭਰ ‘ਚ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਾਧੇ ਖ਼ਿਲਾਫ਼ ਰੋਸ-ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੌਰਾਨ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਆਪਣੇ ਸਕੂਟਰ, ਮੋਟਰਸਾਈਕਲ, ਟਰੈਕਟਰ, ਗੱਡੀਆਂ, ਬੱਸਾਂ, ਟਰੱਕਾਂ ਸਮੇਤ ਸਾਰੇ ਆਵਾਜਾਈ ਦੇ ਸਾਧਨਾਂ ਅਤੇ ਖਾਲੀ ਗੈਸ ਸਿਲੰਡਰਾਂ ਸਮੇਤ ਰੋਸ-ਪ੍ਰਦਰਸ਼ਨ ਕੀਤਾ ਜਾਵੇ। ਅਪੀਲ ਕੀਤੀ ਗਈ ਕਿ ਇਹਨਾਂ ਪ੍ਰਦਰਸ਼ਨਾਂ ਦੌਰਾਨ ਸੜਕਾਂ ਨਾ ਜਾਮ ਕੀਤੀਆਂ ਜਾਣ, ਸਗੋਂ ਸੜਕਾਂ ਦੇ ਇਕ ਪਾਸੇ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾਣ। ਕਿਸਾਨ-ਆਗੂਆਂ ਨੇ ਕਿਹਾ ਕਿ ਕੇਂਦਰ-ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ ਹੈ, ਇਸ ਕਰਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ,ਮੁਲਾਜ਼ਮਾਂ, ਦੁਕਾਨਦਾਰਾਂ, ਟਰਾਂਂਸਪੋਰਟਰਾਂ, ਵਪਾਰੀਆਂ ਸਮੇਤ ਹਰ ਵਰਗ ਨੂੰ ਇਹਨਾਂ ਰੋਸ-ਮੁਜ਼ਾਹਰਿਆਂ ਦਾ ਹਿੱਸਾ ਬਣਨਾ ਚਾਹੀਦਾ ਹੈ।