ਵਧਿਆ ਬਰਡ ਫਲੂ ਦਾ ਕਹਿਰ ਮੈਕਸੀਕੋ ‘ਚ ਇਕ ਦੀ ਮੌਤ
ਬਰਡ ਫਲੂ ਨਾਮ ਦੀ ਬਿਮਾਰੀ ਨੇ ਇਕ ਵਾਰ ਫਿਰ ਕੌਮਾਂਤਰੀ ਪੱਧਰ ‘ਤੇ ਚਿੰਤਾ ‘ਚ ਵਾਧਾ ਕੀਤਾ ਹੈ। ਵਿਸ਼ਵ ਸੰਗਠਨ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਬਿਮਾਰੀ ਕਰਕੇ ਮੈਕਸੀਕੋ ‘ਚ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। WHO ਨੇ ਜਾਣਕਾਰੀ ਦਿੱਤੀ ਹੈ ਕਿ ਮਰਨ ਵਾਲਾ ਐਚ5ਐਨ2 ਵਾਇਰਸ ਨਾਲ ਸੰਕਰਮਿਤ ਸੀ। ਇਸ ਵਾਇਰਸ ਨੂੰ ਬਰਡ ਫਲੂ ਦਾ ਸਭ ਤੋਂ ਖ਼ਤਰਨਾਕ ਵਾਇਰਸ ਮੰਨਿਆ ਜਾਂਦਾ ਹੈ। WHO ਦੀ ਰਿਪੋਰਟ ਮੁਤਾਬਕ ਬਰਡ ਫਲੂ ਨਾਲ ਸੰਕਰਮਿਤ 59 ਸਾਲਾ ਮੈਕਸੀਕਨ ਵਿਅਕਤੀ ਦੀ ਮੈਕਸੀਕੋ ਸਿਟੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। 17 ਅਪ੍ਰੈਲ ਨੂੰ ਵਿਅਕਤੀ ਨੂੰ ਬੁਖਾਰ, ਸਾਹ ਲੈਣ ‘ਚ ਦਿੱਕਤ ਅਤੇ ਦਸਤ ਹੋਣ ਲੱਗੇ। ਹੌਲੀ-ਹੌਲੀ ਉਨ੍ਹਾਂ ਦੀ ਹਾਲਤ ਵਿਗੜਦੀ ਗਈ ਅਤੇ 24 ਅਪ੍ਰੈਲ ਨੂੰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ।