ਮਾਰੋ ਉਡਾਰੀ ਉੱਚੀ, ਕਰਕੇ ਅੱਖ ਵਾਂਗ ਉਕਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਸਾਰੀ ਖਲਕਤ ਦਾ ਸੀ ਜੋ ਖਾਬ ਬੇਲੀਓ
ਜਿੱਥੇ ਹੁੰਦੀ ਸੀ ਮੁਹੱਬਤ ਬੇਹਿਸਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਫੰਦੇ ਚੁੰਮ ਕੇ ਗਲ ਵਿਚ ਪਾਏ, ਆਜ਼ਾਦ ਕੀਤਾ ਗੁਲਾਮ ਹਿੰਦੁਸਤਾਨ
ਕੁਰਬਾਨੀ ਦੀ ਤਜ਼ਾਰਤ ਕੀਤੀ, ਸਹੀ ਨਾ ਕਿਸੇ ਦੀ ਦਾਬ ਬੇਲੀਓ
ਅਸ਼ਫ਼ਾਕ, ਲਾਜਪਤ, ਸਿੰਘ ਭਗਤ ਦਾ ਸੀ ਜੋ ਇਨਕਲਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਸੁਰਖ ਲਕੀਰ ਡੋਲ ਕੇ ਲਹੂ ਐਸੀ ਖਿੱਚੀ
ਵਿਛੜ ਗਏ ਸਤਲੁਜ, ਰਾਵੀ, ਬਿਆਸ ਤੋਂ ਜੇਹਲਮ ਤੇ ਚੇਨਾਬ ਬੇਲੀਓ
ਝੱਲੀ ਨਹੀਂ ਜਾਂਦੀ ਹਲੇ ਤੱਕ ਸੰਤਾਲੀ ਦੇ ਜ਼ਖਮਾਂ ਦੀ ਤਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਪਹਿਲਾਂ ਸੁੰਘੜਿਆ, ਫੇਰ ਵੰਡਿਆ, ਟੁੱਟਿਆ ਵਾਰ ਵਾਰ
ਕਦੇ ਵਸਦਾ ਇਥੇ ਸੀ ਮਾਝਾ, ਮਾਲਵਾ ਅਤੇ ਦੁਆਬ ਬੇਲੀਓ
ਅਸੁਰ ਬਣ ਗਏ ਰਹਿਬਰ, ਨਛੱਤਰ ਇਸ ਦੇ ਖਰਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਗੁਰੂਆਂ, ਪੀਰਾਂ, ਰਿਸ਼ੀਆਂ, ਮੁੰਨੀਆਂ ਦੀ ਇਹ ਧਰਤੀ
ਆਦਿ ਗ੍ਰੰਥ ਦੀ ਜਨਨੀ, ਗਿਆਨ ਦੀ ਇਹ ਕਿਤਾਬ ਬੇਲੀਓ
ਧਨੀ ਚਾਤ੍ਰਿਕ ਦੀ ਕਵਿਤਾ, ਭਾਈ ਵੀਰ ਦਾ ਗੁਲਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਸਦਾ ਆਪਣੇ ਆਪ ਨੂੰ ਵਾਰਦਾ, ਸਰਹੱਦਾਂ ਦਾ ਰਾਖਾ
ਦੁਸ਼ਮਣਾਂ ਦਾ ਹੈ ਇਹ ਮੂੰਹ ਤੋੜ ਜਵਾਬ ਬੇਲੀਓ
ਕਰਤਾ ਹੈ ਦੇਸ਼ ਦਾ ਇਹ, ਚਾਨਣ ਦਾ ਜੋ ਮਹਿਤਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਮਿੱਟੀ ਨਾਲ ਮਿੱਟੀ ਹੋ ਕੇ, ਭਰਿਆ ਢਿੱਡ ਮੁਲਕ ਦਾ
ਬਣਾਇਆ ਜਿਸ ਨੇ ਦੇਸ਼ ਨੂੰ ਸੀ ਨਵਾਬ ਬੇਲੀਓ
ਸੁੱਟਿਆ ਸਿਆਸਤ ਨੇ ਫ਼ਿਰ ਵੀ ਇਸ ਦੇ ਚਿਹਰੇ ‘ਤੇ ਤੇਜ਼ਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਕਿਥੇ ਹੈ ਗੁੰਦਵਾਂ ਸਰੀਰ, ਨੱਚਦੀ ਜਵਾਨੀ, ਕਿੱਥੇ ਕੈਂਠੇ ਵਾਲਾ ਗੱਭਰੂ
ਕਿੱਥੇ ਨੇ ਪੰਜੇਬਾਂ, ਕਿਥੇ ਗਿਆ ਨੱਕ ਦੇ ਕੋਕੇ ਦਾ ਜਹਾਨ – ਤਾਬ ਬੇਲੀਓ
ਧ੍ਰੋਹ ਕਿਉਂ ਬਣ ਗਿਆ ਦੁਨੀਆਂ ਦਾ ਅਦਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਅਫ਼ੀਮ, ਚਿੱਟਾ ਅਤੇ ਭੁੱਕੀ ਦੇ ਨਸ਼ੇ ਦਾ ਕਰਦੇ ਨੇ ਵਪਾਰ ਆਗੂ
ਬਦਨੁਮਾ ਦਾਗ ਬਣ ਗਈ ਹੈ ਸ਼ਰਾਬ ਬੇਲੀਓ
ਨਸ਼ਿਆਂ ਦੀ ਮੰਡੀ ਦਾ ਦੇਤਾ ਖਿਤਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਆਬਰੂ ਲੁੱਟੀ ਇਸ ਦੀ ਆਪਣੇ ਹੀ ਬਣੇ ਫ਼ਿਰੰਗੀਆਂ ਨੇ
ਪੈ ਗਈ ਸਕੀਰੀ ਵਿਚ ਬੇਈਮਾਨਾਂ ਅਤੇ ਅਸ਼ਹਾਬ ਬੇਲੀਓ
ਸਤੀ ਹੋ ਗਈ ਇਸ ਦੀ ਇੱਜ਼ਤ, ਉੱਝੜ ਗਈ ਆਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਢਿੱਡੋਂ ਜੰਮੇ ਰੋਲਦੇ ਨੇ ਮਾਵਾਂ, ਪੁੱਤ ਪੁੱਟਣ ਪਿਉ ਦੀ ਦਾੜੀ
ਟੁੱਟ ਗਏ ਨੇ ਰਿਸ਼ਤੇ ਨਾਤੇ, ਜੜ• ਗਈ ਹੈ ਸਲਾਬ ਬੇਲੀਓ
ਦੁਪੱਟਾ ਸਿਰ ਤੋਂ ਉੱਡ ਗਿਆ, ਪੱਗ ਨਾ ਹੋਵੇ ਕਿਸੇ ਤੋਂ ਸਾਂਭ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਰਗਾਂ ਦਾ ਖ਼ੂਨ ਮੱਠਾ ਪੈ ਗਿਆ, ਬਦਚਲਣ ਹੋ ਗਈ ਹੈ ਸੋਚ
ਸਹੇੜ ਲਿਆ ਔਰੰਗਜੇਬ, ਸਨਮਾਨਿਤ ਕਰਤਾ ਡਾਇਰ ਦਾ ਅਜਾਬ ਬੇਲੀਓ
ਕਿਧਰ ਗਈ ਦਾਸਤਾਂ ਵਾਲੀ ਖਿਦਰਾਣੇ ਦੀ ਢਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਕਿੱਥੇ ਹੈ ਸੱਸੀ ਵਾਲਾ ਥਲ, ਕਿਉਂ ਰੁਲ ਗਈ ਵਾਰਿਸ ਦੀ ਹੀਰ
ਕਿਵੇਂ ਟੁੱਟ ਗਈ ਮਿਰਜ਼ੇ ਦੇ ਘੋੜੇ ਦੀ ਰਕਾਬ ਬੇਲੀਓ
ਕਿਧਰ ਗਏ ਇਸ਼ਕ ਦੇ ਕਿੱਸੇ ਉਹ ਲਾਜਵਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਕਿਉਂ ਖੁਦਕੁਸ਼ੀ ਕਰ ਰਿਹਾ ਹੈ, ਕਿਉਂ ਜੰਮੇ ਜਾਏ ਜਾਂਦੇ ਵਿਦੇਸ਼
ਥੱਕ ਕਿਉਂ ਗਿਆ ਹੈ ਹਿੰਦੁਸਤਾਨ ਦਾ ਖ਼ੂਨਾਬ ਬੇਲੀਓ
ਦੇ ਕੇ ਜ਼ਿੰਦਗੀ ਦੇਸ਼ ਨੂੰ, ਕਿਉਂ ਹੈ ਇਸ ਦਾ ਖਾਨਾ ਖ਼ਰਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਕਿੱਥੇ ਹੈ ਅੰਮ੍ਰਿਤ ਪਾਣੀ, ਕਿੱਥੇ ਹੈ ਹਵਾ ਖੁਸ਼-ਆਬ ਬੇਲੀਓ
ਕਿੱਥੇ ਹੈ ਹੁਣ ਦੀਵਾਲੀ ਦਾ ਬੋਹੀਆ, ਕਿੱਥੇ ਹੈ ਵਿਆਹ ਦੀ ਚਾਬ ਬੇਲੀਓ
ਕਿਧਰ ਗਈ ਸੱਜਰੀ ਵਿਆਹੀ ਵੰਗ ਦੀ ਹਿਜਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਫਾਂਸੀ ਚੜ• ਗਏ ਸੁੱਖ, ਡੁੱਬ ਗਏ ਚਾਅ ਵਿਚ ਪੀੜਾਂ ਖ਼ਾਲਾਬ ਬੇਲੀਓ
ਸਧਰਾਂ ਦਾ ਗਰਭਪਾਤ ਹੋ ਗਿਆ, ਇਰਾਦੇ ਹੋ ਗਏ ਤੰਗ-ਤਾਬ ਬੇਲੀਓ
ਕਿਉਂ ਪੀਲੇ ਪੈ ਗਏ ਨੇ ਚਿਹਰੇ, ਕਿੱਥੇ ਗਏ ਹੁਸਨ ਦੇ ਸੈਲਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਗਹਿਣਾ ਹਿੰਦੁਸਤਾਨ ਦਾ ਹੋ ਗਿਆ ਲੁਟੇਰਿਆਂ ਦੀ ਤੁਰਾਬ ਬੇਲੀਓ
ਕਿਉਂ ਹਨ•ੇਰਾ ਹੈ ਚਾਰ ਚੁਫ਼ੇਰੇ, ਕਿਉਂ ਡੁੱਬਿਆ ਇਹ ਆਫ਼ਤਾਬ ਬੇਲੀਓ
ਲਿਸ਼ਕਦਾ ਨਹੀਂ ਹੁਣ ਮਹਾਰਾਜੇ ਰਣਜੀਤ ਦਾ ਹੀਰਾ ਕੋਹਿਨੂਰ ਨਯਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਉਖੜ ਗਈ ਹੈ ਦਿਲ ਦੀ ਧੜਕਣ, ਟੁੱਟ ਰਹੇ ਨੇ ਸਾਂਹ
ਹਕੀਮਾਂ ਦੀ ਹੋ ਗਈ ਥੁੜ•, ਚੜ• ਗਈ ਪਿੰਡੇ ਨੂੰ ਕਾਂਬ ਬੇਲੀਓ
ਦੁਆ-ਗਰ ਕਰੋ ਦੁਆ-ਏ-ਆਫ਼ੀਯਤ, ਹੋ ਜਾਵੇ ਇਹ ਸਿਹਤਯਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਲੱਭੋ ਹੁਣ ਕਿਤੋਂ ਮੇਰਾ ਰੰਗਲਾ ਪੰਜਾਬ ਬੇਲੀਓ
ਲੇਖਕ
ਚੰਦਰ ਪ੍ਰਕਾਸ਼,
ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ
ਬਠਿੰਡਾ
98154-37555
98762-15150