ਲੋਕ ਸਭਾ ਚੋਣਾਂ 2024: ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਵਕ ਢੰਗ ਨਾਲ ਚੋਣਾਂ ਨੇਪਰੇ ਚਾੜ੍ਹਨ ਲਈ ਪ੍ਰਸਾਸ਼ਨ ਵਚਨਬੱਧ- ਗੁਰਮੀਤ ਕੁਮਾਰ ਬਾਂਸਲ
ਸਹਾਇਕ ਰਿਟਰਟਿੰਗ ਅਫ਼ਸਰ ਨੇ ਪੁਲਿਸ ਅਧਿਕਾਰੀਆਂ ਨਾਲ ਸੰਵੇਦਨਸ਼ੀਲ ਬੂਥਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ
ਲੋਕ ਸਭਾ ਹਲਕਾ 08 ਫਤਹਿਗੜ੍ਹ ਸਾਹਿਬ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ ) ਅਧੀਨ 29 ਸਥਾਨਾਂ ਤੇ 56 ਪੋਲਿੰਗ ਬੂਥ ਸੰਵੇਦਨਸ਼ੀਲ- ਬਾਂਸਲ
ਅਮਰਗੜ੍ਹ/ਅਹਿਮਦਗੜ੍ਹ/ਮਾਲੇਰਕੋਟਲਾ 18 ਮਈ (ਵਿਸ਼ਵ ਵਾਰਤਾ):- ਸੁਤੰਤਰ , ਨਿਰਪੱਖ ਤੇ ਸ਼ਾਂਤੀਪੂਰਵਕ ਢੰਗ ਨਾਲ ਚੋਣਾਂ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਰਿਟਰਟਿੰਗ ਅਫ਼ਸਰ ਅਮਰਗੜ੍ਹ ਸ੍ਰੀ ਗੁਰਮੀਤ ਕੁਮਾਰ ਬਾਂਸਲ ਨੇ ਲੋਕ ਸਭਾ ਹਲਕਾ 08 ਫਤਹਿਗੜ੍ਹ ਸਾਹਿਬ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ ) ਅਧੀਨ ਪੈਂਦੇ ਸੰਵੇਦਨਸ਼ੀਲ ਬੂਥਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਨਰੀਖਣ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਅਧੀਨ ਵੋਟਰਾਂ ਦੀ ਸਹੂਲਤ ਲਈ ਕੁਲ 135 ਲੁਕੇਸ਼ਨਾਂ ਤੇ 199 ਬੂਥ ਸਥਾਪਿਤ ਕੀਤੇ ਗਏ ਹਨ । ਜਿਨ੍ਹਾਂ ਵਿੱਚੋ 29 ਸਥਾਨਾਂ ਤੇ ਸਥਾਪਿਤ 56 ਪੋਲਿੰਗ ਬੂਥ ਸੰਵੇਦਨਸ਼ੀਲ ਘੋਸਿਤ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ.ਅਮਰਗੜ੍ਹ ਸ੍ਰੀ ਸੁਰਿੰਦਰ ਪਾਲ ਸਿੰਘ, ਡੀ.ਐਸ.ਪੀ. ਅਹਿਮਦਗੜ੍ਹ ਸ੍ਰੀ ਅਮ੍ਰਿਤ ਪਾਲ ਸਿੰਘ ਵੀ ਮੌਜੂਦ ਸਨ ।
ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਦੇ ਉਦੇਸ਼ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਬਰਕਾਰ ਰੱਖਣ ਵਾਸਤੇ ਅਤਿਰਿਕਤ ਲੋੜੀਂਦੀ ਗਿਣਤੀ ਵਿੱਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਜਾਵੇਗੀ। ਉਹਨਾਂ ਵੋਟਰਾਂ,ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਚੋਣਾਂ ਨੂੰ ਸ਼ਾਂਤਮਈ ਅਤੇ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਨ ਲਈ ਪ੍ਰਸਾਸ਼ਨ ਦਾ ਸਹਿਯੋਗ ਕਰਨ।
ਪੁਖ਼ਤਾ ਜਾਣਕਾਰੀ ਇੱਕਤਰ ਕਰਨ ਉਪਰੰਤ ਸਕਾਰਾਤਮਕ ਮਾਹੌਲ ਸਿਰਜਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪੁਲਿਸ ਪ੍ਰਸਾਸ਼ਨ ਨੂੰ ਪੇਸ਼ੇਵਰ ਪੁਲਿਸਿੰਗ ਕਰਨ ਅਤੇ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਾ ਦੇਣ ਦੇ ਲਈ ਕਿਹਾ । ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਸਮੁੱਚੇ ਪੋਲਿੰਗ ਸਟੇਸ਼ਨਾਂ ਤੇ ਗਰਮੀ ਦੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਰਾਂ ਦੀ ਸਹੂਲਤ ਲਈ ਛਾਂਦਾਰ,ਹਵਾਦਾਰ ਵੇਟਿੰਗ ਸਥਾਨ ਦੇ ਨਾਲ ਨਾਲ ਠੰਡੇ ਮਿੱਠੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤੇ ਗਿਆ ਹੈ । ਇਸ ਤੋਂ ਇਲਾਵਾ ਸਮੂਹ ਪੋਲਿੰਗ ਬੂਥਾਂ ਤੇ ਪੀ.ਡਬਲਿਊ. ਡੀ. ਵੋਟਰਾਂ ਅਤੇ 85 ਸਾਲ ਤੋਂ ਵਧੇਰੇ ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਹੀਲ ਚੇਅਰ, ਰੈਪ ਆਦਿ ਦੇ ਵੀ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਕਿਸੇ ਵੀ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ।