ਲੋਕ ਸਭਾ ਚੋਣਾਂ 2024 – ਕਿਸਾਨ ਅੰਦੋਲਨ ਬਣਿਆ ਭਾਜਪਾ ਲਈ ਪੰਜਾਬ ’ਚ ਅੜਿੱਕਾ
ਪਹਿਲੀ ਲਿਸਟ ’ਚ ਕਿਸੇ ਵੀ ਸੀਟ ਤੇ ਉਮੀਦਵਾਰ ਦਾ ਨਹੀਂ ਹੋਇਆ ਐਲਾਨ
ਚੰਡੀਗੜ੍ਹ,3ਮਾਰਚ(ਵਿਸ਼ਵ ਵਾਰਤਾ)-2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ। ਕੇਂਦਰ ਦੀ ਸੱਤਾਧਾਰੀ ਪਾਰਟੀ ਨੇ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਕਈ ਉਮੀਦਵਾਰਾਂ ਦੇ ਨਾਂ ਫਾਈਨਲ ਕਰ ਲਏ ਹਨ,ਪਰ, ਕਿਸਾਨ ਅੰਦੋਲਨ ਕਾਰਨ ਅਕਾਲੀ ਦਲ ਨਾਲ ਗਠਜੋੜ ‘ਤੇ ਸਹਿਮਤੀ ਨਾ ਬਣਨ ਕਾਰਨ ਪੰਜਾਬ ‘ਚ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਪਾਰਟੀ ਨੂੰ ਡਰ ਹੈ ਕਿ ਕਿਸਾਨ ਅੰਦੋਲਨ ਦਾ ਲੋਕ ਸਭਾ ਚੋਣਾਂ ‘ਤੇ ਅਸਰ ਪੈ ਸਕਦਾ ਹੈ।
ਗੌਰਤਲਬ ਹੈ ਕਿ ਪਿਛਲੇ ਕਿਸਾਨੀ ਅੰਦੋਲਨ ਦੌਰਾਨ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਟੁੱਟ ਗਿਆ ਸੀ। ਜਿਸ ਤੋਂ ਮਗਰੋਂ ਦੋਵਾਂ ਪਾਰਟੀਆਂ ਨੇ 2022ਦੀਆਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਅਲੱਗ-ਅਲੱਗ ਲੜੀਆਂ ਸਨ। ਪੰਜਾਬ ਭਾਜਪਾ ਦੇ ਆਗੂ ਇਸ ਤੋਂ ਪਹਿਲਾਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਦੀ ਗੱਲ ਕਰਦੇ ਰਹੇ ਹਨ। ਹੁਣ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਮੁੜ ਅਕਾਲੀ ਦਲ ਨਾਲ ਗਠਜੋੜ ਦੀ ਹਾਮੀ ਭਰਦੇ ਰਹੇ ਹਨ। ਅਕਾਲੀ ਦਲ ਨੇ ਹਮੇਸ਼ਾ ਆਪਣੇ ਆਪ ਨੂੰ ਪੰਥਕ ਅਤੇ ਕਿਸਾਨਾਂ ਨਾਲ ਜੁੜੀ ਪਾਰਟੀ ਦੱਸਿਆ ਹੈ। 13 ਫਰਵਰੀ ਤੋਂ ਪੰਜਾਬ-ਹਰਿਆਣਾ ਦੇ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ 4 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਅਕਾਲੀ ਦਲ ਐਨਡੀਏ ਵਿੱਚ ਸ਼ਾਮਲ ਹੋਵੇਗਾ।