ਸੁਲਤਾਨਪੁਰ ਲੋਧੀ,24 ਨਵੰਬਰ (ਵਿਸ਼ਵ ਵਾਰਤਾ )
ਪੰਜਾਬ ਦੇ ਲੋਕ ਗਾਇਕ ਮਨਮੋਹਣ ਵਾਰਿਸ ਨੇ ਨਿਰਮਲ ਕੁਟੀਆ ਪਵਿੱਤਰ ਵੇਈਂ ਦੇ ਦਰਸ਼ਨ ਦੀਦਾਰੇ ਕੀਤੇ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਮੁੜ ਨਿਰਮਲ ਬਣਾ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਪੰਜਾਬ ਵਿੱਚ ਪਾਣੀਆਂ ਨੂੰ ਸੰਭਾਲਣ ਦੀ ਜੋ ਚੇਤਨਾ ਪੈਦਾ ਕੀਤੀ ਹੈ ਉਸ ਨਾਲ ਵਾਤਾਵਰਣ ਦਾ ਮੁੱਦਾ ਕੇਂਦਰ ਬਿੰਦੂ ਵਿੱਚ ਆ ਗਿਆ ਹੈ।
ਉਨ੍ਹਾ ਇਥੇ ਅਵਤਾਰ ਰੇਡੀਓ ‘ਤੇ ਦਿੱਤੀ ਇੰਟਰਵਿਊ ਦੌਰਾਨ ਦਸਿਆ ਕਿ ਸਾਲ ੨੦੧੯ ਵਿੱਚ ਸ੍ਰੀ ਗੁਰੁ ਨਾਨਕ ਦੇਵ ਜੀ ਦਾ ੫੫੦ ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ। ਅਜਿਹੇ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਣਗੀਆਂ ।ਸਾਰੀਆਂ ਸੰਗਤਾਂ ਨਨਕਾਣਾ ਸਾਹਿਬ ਜਾਣ ਲਈ ਪਾਕਿਸਤਾਨ ਨਹੀਂ ਜਾ ਸਕਦੀਆਂ। ਨਨਕਾਣਾ ਸਾਹਿਬ ਤੋਂ ਬਾਅਦ ਸੁਲਤਾਨਪੁਰ ਲੋਧੀ ਹੀ ਅਜਿਹਾ ਇਤਿਹਾਸਕ ਅਸਥਾਨ ਹੈ ਜਿੱਥੇ ਗੁਰੁ ਸਾਹਿਬ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਵੱਧ ਸਮਾਂ ਗੁਜ਼ਾਰਿਆ ਸੀ।ਵਾਰਿਸ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਸਾਫ਼ ਸੁਥਰਾ ਰੱਖਣ ਅਤੇ ਹਰਿਆ ਭਰਿਆ ਬਣਾਉਣ ਲਈ ਜੋ ਉਪਰਾਲੇ ਸੰਤ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਹਨ ਉਸ ਵਿੱਚ ਸਾਰਿਆਂ ਨੂੰ ਯੋਗਦਾਨ ਪਾਉਣ ਦੀ ਲੋੜ ਹੈ। ਮਨਮੋਹਣ ਵਾਰਿਸ ਨੇ ਇਸ ਮੌਕੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਦੇ ਪ੍ਰਬੰਧ ਲਈ ਕਿਸਾਨਾਂ ਦੀ ਬਾਂਹ ਫੜੇ।ਛੋਟੇ ਕਿਸਾਨ ਪਰਾਲੀ ਦਾ ਪ੍ਰਬੰਧ ਕਰਨ ਤੋਂ ਅਮਸਰੱਥ ਹਨ।ਉਨ੍ਹਾ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪਰਾਲੀ ਨੂੰ ਸਾੜਨ ਦੀ ਥਾਂ ਇਸ ਦੇ ਹੱਲ ਅਤੇ ਪ੍ਰਬੰਧ ਬਾਰੇ ਸੋਚਣ ਕਿਉਂਕਿ ਉਨ੍ਹਾਂ ਦੇ ਬੱਚਿਆਂ ਨੇ ਵੀ ਸਾਹ ਲੈਣਾ।ਸਾਲ੨੦੧੯ ਦਾ ਪ੍ਰਕਾਸ਼ ਪੁਰਬ ਧੂੰਏ ਤੋਂ ਰਹਿਤ ਹੋਵੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਉਨ੍ਹਾ ਦਾ ਸਨਮਾਨ ਵੀ ਕੀਤਾ।ਮਨਮੋਹਣ ਵਾਰਿਸ ਪਵਿੱਤਰ ਵੇਈਂ ਵਿੱਚ ਕਿਸ਼ਤੀਆਂ ਦੀਆਂ ਦੌੜਾਂ ਲਈ ਤਿਆਰੀ ਕਰ ਰਹੇ ਖਿਡਾਰੀਆਂ ਨਾਲ ਵੀ ਰੂਬਾਰੂ ਹੋਏ। ਦੀਪਕ ਬਾਲੀ, ਰਮਨਦੀਪ ਸਿੰਘ ਸੋਢੀ, ਅਮਰੀਕ ਸਿੰਘ ਸੰਧੂ, ਗੁਰਵਿੰਦਰ ਸਿੰਘ ਬੋਪਾਰਾਏ, ਸੰਤੋਖ ਸਿੰਘ ਪੰਨੂ, ਸੁਖਜੀਤ ਸਿੰਘ ਸੋਨੀ, ਤੀਰਥ ਸਿੰਘ ਹੁੰਦਲ ਅਤੇ ਹੋਰ ਸੇਵਾਦਾਰ ਹਾਜ਼ਰ ਸਨ।