ਲੁਧਿਆਣਾ ਦੇ ਜਗਰਾਓਂ ਵਿੱਚ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ
ਪੜ੍ਹੋ ਕਿਵੇਂ ਵਾਪਰਿਆ ਹਾਦਸਾ
ਲੁਧਿਆਣਾ,27 ਜੁਲਾਈ(ਵਿਸ਼ਵ ਵਾਰਤਾ)- ਇੱਥੋਂ ਦੇ ਕਸਬੇ ਜਗਰਾਓਂ ਵਿੱਚ ਬੀਤੀ ਸ਼ਾਮ 7.30 ਵਜੇ ਦੇ ਕਰੀਬ ਇੱਕ ਏਐਸਆਈ ਦੀ ਏਕੇ 47 ਵਿੱਚੋਂ ਅਚਾਨਕ ਗੋਲੀ ਚਲ ਗਈ। ਜਿਸ ਤੋਂ ਬਾਅਦ ਏਐਸਆਈ ਨੂੰ ਉਸਦੇ ਸਾਥੀਆਂ ਨੇ ਜਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਏਐਸਆਈ ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸੀ ਅਤੇ ਡਿਊਟੀ ’ਤੇ ਜਾਣ ਤੋਂ ਪਹਿਲਾਂ ਆਪਣੀ ਬੰਦੂਕ ਦੀ ਜਾਂਚ ਕਰ ਰਿਹਾ ਸੀ ਕਿ ਹਾਦਸਾ ਵਾਪਰ ਗਿਆ।
ਕਵਿੱਕ ਰਿਸਪਾਂਸ ਟੀਮ ਗੈਂਗਸਟਰਾਂ ਦੇ ਖਾਤਮੇ ਲਈ ਕਾਂਗਰਸ ਦੇ ਕਾਰਜਕਾਲ ਦੌਰਾਨ ਬਣਾਈ ਗਈ ਸੀ। ਮ੍ਰਿਤਕ ਏ.ਐਸ.ਆਈ. ਬੁਲੇਟ ਪਰੂਫ ਗੱਡੀ ਵਿੱਚ ਸਵਾਰ ਹੋ ਕੇ ਗਸ਼ਤ ਕਰਦਾ ਸੀ। ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (50) ਵਜੋਂ ਹੋਈ ਹੈ। ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਸ ਲਾਈਨ ਪੁੱਜੀ ਤਾਂ ਪੁਲਸ ਮੁਲਾਜ਼ਮਾਂ ‘ਚ ਹੜਕੰਪ ਮਚ ਗਿਆ। ਜਦੋਂ ਮੁਲਾਜ਼ਮਾਂ ਨੇ ਕੁਲਜੀਤ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ।
ਕੁਲਜੀਤ ਨੂੰ ਗੋਲੀ ਲੱਗੀ ਸੀ ਅਤੇ ਉਹ ਜ਼ਮੀਨ ‘ਤੇ ਲੇਟ ਗਿਆ ਸੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕੁਲਜੀਤ ਨੂੰ ਹਸਪਤਾਲ ਪਹੁੰਚਾਇਆ, ਪਰ ਜਲਦੀ ਹੀ ਉਹ ਜ਼ਿੰਦਗੀ ਦੀ ਲੜਾਈ ਹਾਰ ਗਿਆ। ਕੁਲਜੀਤ ਦੀ ਡਿਊਟੀ 8 ਵਜੇ ਸ਼ੁਰੂ ਹੋਣੀ ਸੀ। ਡੀਐਸਪੀ ਸਤਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਪੁਲੀਸ ਮੁਲਾਜ਼ਮ ਡਿਊਟੀ ’ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ। ਕੁਲਜੀਤ ਵੀ ਇਹੀ ਕਰ ਰਿਹਾ ਸੀ।
ਡੀਐਸਪੀ ਸਤਵਿੰਦਰ ਸਿੰਘ ਅਨੁਸਾਰ ਚੈਕਿੰਗ ਦੌਰਾਨ ਏਐਸਆਈ ਕੁਲਜੀਤ ਸਿੰਘ ਦੀ ਬੰਦੂਕ ‘ਚੋਂ ਅਚਾਨਕ ਗੋਲੀ ਚੱਲ ਗਈ। ਕੁਲਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਅੱਜ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।























