ਲੁਧਿਆਣਾ ‘ਚ ਡਿਵਾਈਡਰ ਨਾਲ ਟਕਰਾਈ ਫਾਰਚੂਨਰ, ਗੱਡੀ ਚਲਾਉਂਦੇ ਸਮੇਂ ਡਰਾਈਵਰ ਨੂੰ ਪਿਆ ਦੌਰਾ
ਚੰਡੀਗੜ੍ਹ 14 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਵਿੱਚ ਲੁਧਿਆਣਾ-ਫਿਰੋਜ਼ਪੁਰ ਜੀਟੀ ਰੋਡ ‘ਤੇ ਇੱਕ ਬੇਕਾਬੂ ਫਾਰਚੂਨਰ ਕਾਰ ਡਿਵਾਈਡਰ ਤੋੜ ਕੇ ਸਰਵਿਸ ਲਾਈਨ ‘ਤੇ ਜਾ ਚੜ੍ਹੀ। ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਹੋ ਗਏ। ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਗੱਡੀ ਦੇ ਡਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਮੋਗਾ ਤੋਂ ਟੈਸਟ ਆਦਿ ਕਰਵਾ ਕੇ ਵਾਪਸ ਆ ਰਿਹਾ ਸੀ। ਉਸ ਦੀ ਪਛਾਣ ਨਵਤੇਜ ਸਿੰਘ ਵਜੋਂ ਹੋਈ ਹੈ। ਨਵਤੇਜ ਨਾਲ 2 ਹੋਰ ਲੋਕ ਮੌਜੂਦ ਸਨ। ਉਹ ਬੀਮਾਰ ਹੈ, ਜਿਸ ਕਾਰਨ ਉਹ ਮੋਗਾ ਤੋਂ ਟੈਸਟ ਕਰਵਾ ਕੇ ਵਾਪਸ ਆ ਰਿਹਾ ਸੀ ਕਿ ਅਚਾਨਕ ਉਸ ਨੂੰ ਕਿਸੇ ਤਰ੍ਹਾਂ ਦਾ ਅਟੈਕ ਮਹਿਸੂਸ ਹੋਇਆ। ਇਸ ਕਾਰਨ ਉਹ ਕਾਰ ਦਾ ਸੰਤੁਲਨ ਗੁਆ ਬੈਠਾ। ਸੰਤੁਲਨ ਗੁਆਉਣ ਕਾਰਨ ਉਹ ਗੱਡੀ ਨੂੰ ਸੰਭਾਲ ਨਾ ਸਕਿਆ ਅਤੇ ਗੱਡੀ ਡਿਵਾਈਡਰ ਨਾਲ ਟਕਰਾ ਕੇ ਸਰਵਿਸ ਲਾਈਨ ‘ਤੇ ਜਾ ਡਿੱਗੀ। ਹਾਦਸੇ ਵਿੱਚ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।ਸ਼ੁਕਰ ਹੈ ਕਿ ਕਾਰ ਦੇ ਅੱਗੇ ਜਾਂ ਪਿੱਛੇ ਕੋਈ ਵਾਹਨ ਨਹੀਂ ਆ ਰਿਹਾ ਸੀ। ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜ਼ਖ਼ਮੀਆਂ ਨੂੰ ਪਹਿਲਾਂ ਜਗਰਾਉਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਲੁਧਿਆਣਾ ਦੇ ਅਗਰਸੇਨ ਹਸਪਤਾਲ ਭੇਜਿਆ ਗਿਆ।























