ਲਾੜੀ ਕਰਦੀ ਰਹੀ ਉਡੀਕ, ਲਾੜੇ ਨੂੰ ਲੈ ਗਈ ਪੁਲਿਸ, ਵਿਆਹ ਸਮਾਗਮ ‘ਚ ਮਚੀ ਹਫੜਾ-ਦਫੜੀ

ਜਲੰਧਰ 26 ਅਪ੍ਰੈਲ (ਵਿਸ਼ਵ ਵਾਰਤਾ /ਅਸ਼ਵਨੀ ਠਾਕੁਰ) – ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ ਜਿਨ੍ਹਾਂ ‘ਚ ਵਿਆਹ ‘ਤੇ 20 ਬੰਦਿਆਂ ਤੋਂ ਜ਼ਿਆਦਾ ਇਕੱਠ ਕਰਨ ‘ਤੇ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਲੋਕ ਇਨ੍ਹਾਂ ਹੁਕਮਾਂ ਦੀ ਪਰਵਾਹ ਨਹੀਂ ਕਰਦੇ। ਲੋਕ ਅਜਿਹੇ ਮੌਕਿਆਂ ‘ਤੇ ਭਾਰੀ ਇਕੱਠ ਕਰਕੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਕਾਲਾ ਸਿੰਘਾ ਤੇ ਕਪੂਰਥਲਾ ‘ਚ ਵੀ ਮੈਰਿਜ ਪੈਲੇਸ ‘ਚ ਹੋ ਰਹੇ ਵਿਆਹ ‘ਤੇ ਛਾਪੇਮਾਰੀ ਕਰਕੇ ਕਈ ਲੋਕਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਸਨ। ਅਜਿਹਾ ਹੀ ਇਕ ਮਾਮਲਾ ਅੱਜ ਥਾਣਾ ਨੰ ਤਿੰਨ ਦੇ ਇਲਾਕੇ ‘ਚ ਮਿਲਿਆ ਜਦ ਇੱਕ ਧਾਰਮਿਕ ਸਥਾਮ ‘ਚ ਹੋਂ ਰਹੇ ਵਿਆਹ ‘ਚ ਭਾਰੀ ਇਕੱਠ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਉਥੇ ਛਾਪਾਮਾਰੀ ਕੀਤੀ ਤਾਂ ਵਿਆਹ ‘ਚ ਹਫੜਾ ਦਫੜੀ ਮੱਚ ਗਈ ਤੇ ਲੋਕ ਉਥੋਂ ਭੱਜਣ ਲੱਗੇ। ਪੁਲਿਸ ਨੇ ਮੌਕੇ ਤੋਂ ਲਾੜੇ ਤੇ ਲੜਕੀ ਦੇ ਦਾਦਾ ਨੂੰ ਗਿ੍ਫ਼ਤਾਰ ਕਰ ਲਿਆ ਪਰ ਬਾਕੀ ਮੈਂਬਰ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਨਾਰਥ ਸੁਖਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਿਸ਼ਨ ਪੁਰਾ ਲਾਗੇ ਸਥਿਤ ਬ੍ਹਮਕੁੰਡ ਮੰਦਰ ‘ਚ ਇੱਕ ਵਿਆਹ ਸਮਾਗਮ ਚੱਲ ਰਿਹਾ ਹੈ ਜਿਸ ਵਿਚ ਕਾਫੀ ਭੀੜ ਇਕੱਠੀ ਹੋਈ ਹੈ। ਜਿਸ ‘ਤੇ ਥਾਣਾ ਤਿੰਨ ਦੇ ਮੁਖੀ ਸਬ ਇੰਸਪੈਕਟਰ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਉਕਤ ਮੰਦਰ ‘ਚ ਜਦ ਛਾਪੇਮਾਰੀ ਕੀਤੀ ਤਾਂ ਉਥੇ ਸੌ ਤੋਂ ਵੱਧ ਲੋਕਾਂ ਦੀ ਭੀੜ ਇਕੱਠੀ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਉਥੋਂ ਭੱਜਣ ਲੱਗ ਪਏ। ਪੁਲਿਸ ਵੱਲੋਂ ਜਦ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਸ਼ਿ ਕੀਤੀ ਗਈ ਤਾਂ ਉੱਥੇ ਹਰ ਕੋਈ ਭੱਜਣ ਲਈ ਇਧਰ ਉਧਰ ਹੋਣ ਲੱਗਾ। ਲੜਕੇ ਵਾਲਿਆਂ ਵੱਲੋਂ ਪੁਲਿਸ ਨੂੰ ਮਨਾਉਣ ਦੇ ਲਈ ਕਾਫੀ ਮਿੰਨਤਾਂ ਕੀਤੀਆਂ ਗਈਆਂ ਪੁਲਿਸ ਵੱਲੋਂ ਕਿਸੇ ਦੀ ਇੱਕ ਨਾ ਸੁਣੀ ਗਈ। ਪੁਲਿਸ ਨੇ ਮੌਕੇ ਤੋਂ ਵਿਆਹ ਵਾਲੇ ਲਾੜੇ ਪਾਰਸ ਵਾਸੀ ਏਕਤਾ ਨਗਰ ਤੇ ਲੜਕੀ ਦੇ ਦਾਦਾ ਖੰਨਾ ਰਾਮ ਵਾਸੀ ਦੌਲਤਪੁਰੀ ਨੂੰ ਗਿ੍ਫ਼ਤਾਰ ਕਰ ਲਿਆ ਜਦ ਕਿ ਬਾਕੀ ਜਣੇ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਵੱਲੋਂ ਕੁਝ ਮਹਿਮਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਗੰਗੂ ਰਾਮ ਲੜਕੀ ਦੇ ਪਿਤਾ ਤੇ ਲੜਕੇ ਦੇ ਪਿਤਾ ਪੇ੍ਮ ਕੁਮਾਰ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ ਪਰ ਉਨ੍ਹਾਂ ਨੂੰ ਗਿ੍ਫ਼ਤਾਰ ਕਰਨਾ ਹਾਲੇ ਬਾਕੀ ਹੈ। ਏਸੀਪੀ ਸੁਖਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਰੋਜ਼ਾਨਾ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਰਕਾਰੀ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਪਰ ਫੇਰ ਵੀ ਲੋਕ ਇਸ ਤੋਂ ਬਾਜ਼ ਨਹੀਂ ਆ ਰਹੇ ਜਿਸ ਕਾਰਨ ਪੁਲਿਸ ਨੂੰ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨੀ ਪੈਂਦੀ ਹੈ।






















