ਲਗਾਤਾਰ ਤਿੰਨ ਭੂਚਾਲਾਂ ਤੋਂ ਬਾਅਦ ਤਹਿਸ ਨਹਿਸ ਹੋਏ ਤੁਰਕੀ ਅਤੇ ਸੀਰੀਆ ਦੀ ਕਈ ਸ਼ਹਿਰ, 4300 ਤੋਂ ਵੱਧ ਮੌਤਾਂ
ਚੰਡੀਗੜ੍ਹ 7 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਬੀਤੇ ਕੱਲ੍ਹ ਇੱਕ ਤੋਂ ਬਾਅਦ ਆਏ 3 ਵੱਡੇ ਭੂਚਾਲਾਂ ਤੋਂ ਬਾਅਦ ਤੁਰਕੀ ਅਤੇ ਸੀਰੀਆ ‘ਚ ਸਥਿਤੀ ਬਦ ਤੋਂ ਵੀ ਬਦਤਰ ਹੋ ਗਈ ਹੈ। 24 ਘੰਟੇ ਬਾਅਦ ਵੀ ਇੱਥੇ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਵੱਡੀਆਂ ਇਮਾਰਤਾਂ ਦੇ ਮਲਬੇ ਹੇਠ ਅਜੇ ਵੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਤੁਰਕੀ ਦੇ ਸਨਲੀਉਰਫਾ ਸੂਬੇ ਵਿੱਚਇੱਕ ਔਰਤ ਨੂੰ 22 ਘੰਟਿਆਂ ਬਾਅਦ ਜ਼ਿੰਦਾ ਬਾਹਰ ਕੱਢ ਲਿਆ ਗਿਆ। ਬਚਾਅ ਟੀਮ ਨੇ ਇਸ ਔਰਤ ਨੂੰ ਬੇਹੋਸ਼ੀ ਦੀ ਹਾਲਤ ‘ਚ ਪਾਇਆ। ਦੂਜੇ ਪਾਸੇ ਸੀਰੀਆ ਦੇ ਅਲੇਪੋ ਵਿੱਚ ਇਮਾਰਤਾਂ ਦੀਆਂ ਛੱਤਾਂ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਤੁਰਕੀ ਦੇ ਸਮੇਂ ਮੁਤਾਬਕ ਸੋਮਵਾਰ ਨੂੰ ਸਵੇਰੇ 4 ਵਜੇ (7.8) ਦੇ ਕਰੀਬ ਅਤੇ ਦੂਜਾ ਸਵੇਰੇ 10 ਵਜੇ (7.6) ਦੇ ਕਰੀਬ ਅਤੇ ਤੀਜਾ ਸ਼ਾਮ 3 ਵਜੇ (6.0) ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ 4300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਰਕੀ ਵਿੱਚ 2921 ਲੋਕਾਂ ਦੀ ਜਾਨ ਜਾ ਚੁੱਕੀ ਹੈ। 15 ਹਜ਼ਾਰ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਦੇ ਨਾਲ ਹੀ ਸੀਰੀਆ ‘ਚ 1444 ਲੋਕ ਮਾਰੇ ਗਏ ਅਤੇ 2 ਹਜ਼ਾਰ ਤੋਂ ਵੱਧ ਜ਼ਖਮੀ ਹੋ ਗਏ। ਤੁਰਕੀ ਦੇ 10 ਤੋਂ ਵੱਧ ਸੂਬਿਆਂ ‘ਚ ਭਾਰੀ ਤਬਾਹੀ ਹੋਈ ਹੈ। ਭੂਚਾਲ ਕਾਰਨ ਸੀਰੀਆ ‘ਚ ਵੀ ਅਜਿਹੀ ਹੀ ਸਥਿਤੀ ਹੈ। ਇੱਥੋਂ ਦੇ ਕਈ ਭੂਚਾਲ ਪ੍ਰਭਾਵਿਤ ਇਲਾਕੇ ਬਸ਼ਰ ਅਲ-ਅਸਦ ਦੀ ਸਰਕਾਰ ਅਤੇ ਵਿਦਰੋਹੀਆਂ ਦੇ ਕਬਜ਼ੇ ਵਿੱਚ ਹਨ, ਜਿਸ ਕਾਰਨ ਤਬਾਹੀ ਦਾ ਸਹੀ ਅੰਕੜਾ ਹਾਸਲ ਕਰਨਾ ਮੁਸ਼ਕਲ ਹੈ।
ਇਸ ਦੇ ਨਾਲ ਹੀ ਭਾਰਤ ਨੇ ਤੁਰਕੀ ਦੀ ਮਦਦ ਲਈ NDRF ਦੀ ਖੋਜ ਅਤੇ ਬਚਾਅ ਟੀਮ ਦੇ ਨਾਲ ਰਾਹਤ ਸਮੱਗਰੀ ਭੇਜਣ ਦਾ ਵੀ ਫੈਸਲਾ ਕੀਤਾ ਹੈ। ਬੀਤੀ ਰਾਤ ਭਾਰਤੀ ਹਵਾਈ ਸੈਨਾ ਦਾ ਸੀ-17 ਜਹਾਜ ਇਸ ਟੀਮ ਨੂੰ ਲੈ ਕੇ ਤੁਰਕੀ ਲਈ ਰਵਾਨਾ ਹੋ ਗਿਆ। ਟੀਮ ‘ਚ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਡਾਗ ਸਕੁਐਡ, ਡਾਕਟਰਾਂ ਅਤੇ ਪੈਰਾਮੈਡਿਕਸ ਦੀ ਟੀਮ ਸ਼ਾਮਿਲ ਹੈ।
https://twitter.com/IAF_MCC/status/1622772885143318528?s=20&t=Xc9CWSCpyoF341Dy5k6Udg