ਲਖੀਮਪੁਰ-ਖੀਰੀ ਹਿੰਸਾ ਵਿੱਚ ਮਰਨ ਵਾਲੇ ਕਿਸਾਨਾਂ ਦੀ ਅੰਤਿਮ ਅਰਦਾਸ ਅੱਜ
ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦ ਸਮ੍ਰਿਤੀ ਦਿਵਸ ਮਨਾਉਣਗੀਆਂ ਕਿਸਾਨ ਜੱਥੇਬੰਦੀਆਂ

ਚੰਡੀਗੜ੍ਹ,12ਅਕਤੂਬਰ(ਵਿਸ਼ਵ ਵਾਰਤਾ)-ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦਾ ਦਿਨ ਲਖੀਮਪੁਰ ਹਿੰਸਾ ਵਿੱਚ ਮਾਰੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦ ਸਮ੍ਰਿਤੀ ਦਿਵਸ ਵੱਜੋਂ ਮਨਾਉਣ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂਆਂ ਨੇ ਦੱਸਿਆ ਹੈ ਕਿ ਘਟਨਾ ਵਾਲੇ ਸਥਾਨ ਤੇ ਹੀ ਮ੍ਰਿਤਕ ਕਿਸਾਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ। ਇਸ ਤੋਂ ਇਲਾਵਾ ਸਵੇਰੇ ਪਿੰਡਾਂ ਵਿੱਚ ਧਾਰਮਿਕ ਸਮਾਗਮ ਆਯੋਜਿਤ ਕਰਨ ਬਾਅਦ ਦੁਪਹਿਰ ਸਮੇਂ ਪੰਜਾਬ ਭਰ ‘ਚ 100 ਤੋਂ ਵੱਧ ਪੱਕੇ-ਧਰਨਿਆਂ ਵਾਲੀਆਂ ਥਾਂ ‘ਤੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਸ਼ਾਮ ਛੇ ਵਜੇ ਪਿੰਡਾਂ ਦੀਆਂ ਸੱਥਾਂ/ਚੌਕਾਂ ਤੋਂ ਸ਼ੁਰੂ ਕਰਕੇ ਕੈਂਡਲ ਮਾਰਚ ਕੀਤੇ ਜਾਣਗੇ। ਪੰਜ ਸ਼ਹੀਦਾਂ ਦੀ ਯਾਦ ਵਿੱਚ ਸ਼ਾਮ ਨੂੰ ਸੱਤ ਵਜੇ ਘਰਾਂ ਮੂਹਰੇ ਪੰਜ ਪੰਜ ਮੋਮਬੱਤੀਆਂ ਜਲਾਈਆਂ ਜਾਣਗੀਆਂ। ਕਿਸਾਨ ਆਗੂ ਨੇ ਸਾਰੇ ਇਨਸਾਫ਼ ਪਸੰਦ ਸ਼ਹਿਰੀਆਂ ਅਤੇ ਜਮਹੂਰੀ ਕਾਰਕੁੰਨਾਂ ਨੂੰ ਇਨ੍ਹਾਂ ਪ੍ਰੋਗਰਾਮਾਂ ‘ਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।






















