ਲਖੀਮਪੁਰ ਖੀਰੀ ਹਿੰਸਕ ਘਟਨਾ ਦਾ ਮਾਮਲਾ – ਮੁੱਖ ਦੋਸ਼ੀ ਭਾਜਪਾ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਖਿਲਾਫ ਦੋਸ਼ ਆਇਦ
ਚੰਡੀਗੜ੍ਹ 6 ਦਸੰਬਰ(ਵਿਸ਼ਵ ਵਾਰਤਾ)- ਲਖੀਮਪੁਰ ਖੀਰੀ ਦੀ ਹਿੰਸਕ ਘਟਨਾ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਤੇ ਦੋਸ਼ ਆਇਦ ਕੀਤੇ ਗਏ ਹਨ। ਇਹ ਦੋਸ਼ – IPC ਦੀਆਂ ਧਾਰਾਵਾਂ 302, 307, 120-ਬੀ ਦੇ ਤਹਿਤ ਤੈਅ ਕੀਤੇ ਗਏ ਹਨ। ਇਸ ਦੇ ਨਾਲ ਹੀ ਉਸ ਖਿਲਾਫ ਧਾਰਾ 326 ਸਮੇਤ ਕਈ ਗੰਭੀਰ ਧਾਰਾਵਾਂ ਵਿੱਚ ਵੀ ਦੋਸ਼ ਆਇਦ ਕੀਤੇ ਗਏ ਹਨ।ਜਿਸ ਤੋਂ ਬਾਅਦ ਆਸ਼ੀਸ਼ ਮਿਸ਼ਰਾ ਖਿਲਾਫ ਹੁਣ ਕਤਲ ਦਾ ਮੁਕੱਦਮਾ ਚਲਾਇਆ ਜਾਵੇਗਾ। ਦੱਸ ਦਈਏ ਕਿ 3 ਅਕਤੂਬਰ 2021 ਨੂੰ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਆਸ਼ੀਸ਼ ਮਿਸ਼ਰਾ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀ ਥੱਲੇ ਦਰੜ ਦਿੱਤਾ ਸੀ। ਇਸ ਦੌਰਾਨ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਇਸ ਘਟਨਾ ਤੋਂ ਬਾਅਦ ਹੋਈ ਹਿੰਸਾ ਵਿੱਚ 3 ਭਾਜਪਾ ਸਮਰਥਕਾਂ ਅਤੇ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ 13 ਹੋਰ ਖਿਲਾਫ ਵੀ ਦੋਸ਼ ਆਇਦ ਕੀਤੇ ਗਏ ਹਨ।