ਲਖੀਮਪੁਰ-ਖੀਰੀ ਕਾਂਡ : ਕੱਲ੍ਹ 12 ਅਕਤੂਬਰ ਨੂੰ ‘ਸ਼ਹੀਦ ਕਿਸਾਨ ਦਿਵਸ’ ਲਈ ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਵੱਲੋਂ ਤਿਆਰੀਆਂ ਮੁਕੰਮਲ ; ਸਵੇਰੇ ਸ਼ਰਧਾਂਜਲੀਆਂ ਅਤੇ ਸ਼ਾਮ ਨੂੰ ਮੋਮਬੱਤੀ-ਮਾਰਚ ਹੋਣਗੇ
ਚੰਡੀਗੜ੍ਹ,11 ਅਕਤੂਬਰ(ਵਿਸ਼ਵ ਵਾਰਤਾ)-ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਭਲਕੇ 12 ਅਕਤੂਬਰ ਨੂੰ ਲਖੀਮਪੁਰ-ਖੀਰੀ ਕਾਂਡ ਦੇ ਕਿਸਾਨ ਸ਼ਹੀਦਾਂ ਦੀ ਅੰਤਿਮ-ਅਰਦਾਸ ਦਿਵਸ ਨੂੰ ‘ਸ਼ਹੀਦ ਕਿਸਾਨ ਦਿਵਸ’ ਵਜੋਂ ਮਨਾਇਆ ਜਾਵੇਗਾ। ਸਵੇਰੇ ਪਿੰਡਾਂ ਵਿੱਚ ਧਾਰਮਿਕ ਸਮਾਗਮ ਆਯੋਜਿਤ ਕਰਨ ਬਾਅਦ ਦੁਪਹਿਰ ਸਮੇਂ ਪੰਜਾਬ ਭਰ ‘ਚ 100 ਤੋਂ ਵੱਧ ਪੱਕੇ-ਧਰਨਿਆਂ ਵਾਲੀਆਂ ਥਾਂ ‘ਤੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਸ਼ਾਮ ਛੇ ਵਜੇ ਪਿੰਡਾਂ ਦੀਆਂ ਸੱਥਾਂ/ਚੌਕਾਂ ਤੋਂ ਸ਼ੁਰੂ ਕਰਕੇ ਕੈਂਡਲ ਮਾਰਚ ਕੀਤੇ ਜਾਣਗੇ। ਪੰਜ ਸ਼ਹੀਦਾਂ ਦੀ ਯਾਦ ਵਿੱਚ ਸ਼ਾਮ ਨੂੰ ਸੱਤ ਵਜੇ ਘਰਾਂ ਮੂਹਰੇ ਪੰਜ ਪੰਜ ਮੋਮਬੱਤੀਆਂ ਜਲਾਈਆਂ ਜਾਣਗੀਆਂ। ਕਿਸਾਨ ਆਗੂ ਨੇ ਸਾਰੇ ਇਨਸਾਫ਼ ਪਸੰਦ ਸ਼ਹਿਰੀਆਂ ਅਤੇ ਜਮਹੂਰੀ ਕਾਰਕੁੰਨਾਂ ਨੂੰ ਇਨ੍ਹਾਂ ਪ੍ਰੋਗਰਾਮਾਂ ‘ਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਬੌਖਲਾ ਗਈ ਹੈ। ਇਸ ਨੂੰ ਕਿਸਾਨ ਅੰਦੋਲਨ ਦਾ ਕੋਈ ਤੋੜ੍ਹ ਨਹੀਂ ਲੱਭ ਰਿਹਾ। ਕਿਸਾਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਇਸ ਕੋਲ ਕੋਈ ਜਵਾਬ ਨਹੀਂ ਹੈ। 11 ਗੇੜ ਦੀ ਚੱਲੀ ਗੱਲਬਾਤ ਦੌਰਾਨ ਕਿਸਾਨ ਆਗੂ ਸਰਕਾਰ ਨੂੰ ਇਖਲਾਕੀ ਤੌਰ ‘ਤੇ ਹਰਾ ਚੁੱਕੇ ਹਨ। ਕਿਸਾਨ ਅੰਦੋਲਨ ਦੀ ਦਿਨ-ਬ ਦਿਨ ਵਧ ਰਹੀ ਤਾਕਤ ਮੂਹਰੇ ਬੇਬਸ ਸਰਕਾਰ ਹੁਣ ਨੰਗੀ ਚਿੱਟੀ ਗੁੰਡਾਗਰਦੀ ‘ਤੇ ਉਤਰ ਆਈ ਹੈ। ਇੱਕ ਕੇਂਦਰੀ ਮੰਤਰੀ ਦੇ ਹੰਕਾਰੇ ਛੋਹਰ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਗੱਡੀ ਚੜ੍ਹਾ ਦਿੱਤੀ। ਪੰਜ ਕਿਸਾਨ ਸ਼ਹੀਦ ਕਰਨ ਬਾਅਦ ਵੀ ਸਰਕਾਰ ਨੇ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ।
ਹੁਣ ਤੱਕ ਕਿਸਾਨ ਸੰਘਰਸ਼ ਪ੍ਰਤੀ ਇਸ ਦੀ ਬੇਲਾਗਤਾ ਅਤੇ ਹਰ ਹੀਲੇ ਸਾਮਰਾਜੀ ਨੀਤੀਆਂ ਲਾਗੂ ਕਰਨ ਦਾ ਹਠ ਹਜ਼ਾਰਾਂ ਕਿਸਾਨਾਂ ਦੀ ਜਾਨ ਲੈ ਚੁੱਕਿਆ ਹੈ। ਪਰ ਲੋਕਾਂ ਦਾ ਸਬਰ ਅਜ਼ਮਾਉਣ, ਢੀਠ ਚੁੱਪ ਧਾਰਨ ਕਰਨ ਅਤੇ ਸੰਘਰਸ਼ ਨੂੰ ਲਟਕਾ ਕੇ ਖੋਰਨ ਦਾ ਹਥਿਆਰ ਵੀ ਮਨ ਇੱਛਤ ਸਿੱਟੇ ਨਹੀਂ ਕੱਢ ਸਕਿਆ। ਲੋਕਾਂ ਦਾ ਸਬਰ ਅਜਮਾਉਂਦੀ ਹੋਈ ਹਕੂਮਤ ਦਾ ਆਪਣਾ ਸਬਰ ਦਮ ਤੋੜਦਾ ਜਾ ਰਿਹਾ ਹੈ। ਹੁਣ ਅਜਿਹੀਆਂ ਗੁੰਡਾ ਤਾਕਤਾਂ ਰਾਹੀਂ ਜੂਝ ਰਹੀਆਂ ਕਿਸਾਨ ਸਫ਼ਾਂ ਅੰਦਰ ਦਹਿਸ਼ਤ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਮਹੀਨਿਆਂ ਵਿੱਚ ਲੋਕ ਲਾਮਬੰਦੀ ਸਦਕਾ ਭਾਜਪਾ ਆਗੂਆਂ ਨੂੰ ਥਾਂ ਥਾਂ ਜ਼ਲੀਲ ਹੋਣਾ ਪਿਆ ਹੈ ਅਤੇ ਉਹ ਮੁਕੰਮਲ ਨਿਖੇੜੇ ਦੀ ਹਾਲਤ ਵਿੱਚ ਸੁੱਟੇ ਗਏ ਹਨ। ਸੱਤਾਧਾਰੀ ਧਿਰ ਦਾ ਲੋਕ ਆਧਾਰ ਬੁਰੀ ਤਰ੍ਹਾਂ ਖੁਰ ਰਿਹਾ ਹੈ ਤੇ ਉਹ ਹਰ ਹੀਲੇ ਇਸ ਹਾਲਤ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੀ ਹੈ। ਜੂਝ ਰਹੇ ਲੋਕਾਂ ਨੂੰ ਇਸ ਹਕੂਮਤ ਦੇ ਜਾਬਰ ਹਥਕੰਡਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਸਾਨ ਘੋਲ ਦਾ ਹੁਣ ਤੱਕ ਦਾ ਸਫ਼ਰ ਹਰ ਸੱਟ ਦੇ ਨਾਲ ਹੋਰ ਮਜ਼ਬੂਤ ਹੁੰਦੇ ਜਾਣ ਦਾ ਸਫ਼ਰ ਹੈ।