ਦੁਖਦ ਸਮਾਚਾਰ
ਰੋਜ਼ਾਨਾ ਅਕਾਲੀ ਪੱਤਰਕਾ ਦੇ ਡਾਇਰੈਕਟਰ ਗੁਰਮੁਖਪਾਲ ਭਾਜੀ ਨਹੀਂ ਰਹੇ-ਅੰਤਿਮ ਸਸਕਾਰ ਕੱਲ੍ਹ
ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ,ਦਰਸ਼ੀ ਤੇ ਹੋਰਨਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਜਲੰਧਰ, 9ਜਨਵਰੀ(ਵਿਸ਼ਵ ਵਾਰਤਾ,ਹਰਲੀਨ ਸਿੰਘ)-ਰੋਜ਼ਾਨਾ ਅਕਾਲੀ ਪੱਤਰਕਾ ਦੇ ਡਾਇਰੈਕਟਰ ਸ.ਗੁਰਮੁਖਪਾਲ ਸਿੰਘ ਕੱਲ੍ਹ ਸਵੇਰੇ ਸਾਨੂੰ ਸਦੀਵੀਂ ਵਿਛੋੜਾ ਦੇ ਗਏ। ਉਹ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਗੁਰਮੁਖਪਾਲ ਭਾਜੀ ਵੱਲੋਂ ਜਾਣੇ ਜਾਂਦੇ ਉਹ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸਿਸ ਵਿਭਾਗ ਵਿੱਚੋਂ ਰਿਟਾਇਰ ਹੋ ਕੇ ਲੋਕ ਸੇਵਾ ਵਿੱਚ ਜੁਟੇ ਹੋਏ ਸਨ। ਇਕ ਜ਼ਿੰਦਾ ਦਿਲ ਇਨਸਾਨ ਵੱਜੋਂ ਜਾਣੇ ਜਾਂਦੇ ਗੁਰਮੁਖਪਾਲ ਭਾਜੀ ਹਮੇਸ਼ਾ ਲੋੜਵੰਦਾਂ ,ਦੋਸਤਾਂ ਪ੍ਰਤੀ ਮੱਦਦ ਕਰਨ ਲਈ ਅੱਗੇ-ਅੱਗੇ ਰਹਿੰਦੇ ਸਨ। ਗੁਰਮੁਖਪਾਲ ਭਾਜੀ ਅਕਾਲੀ ਪੱਤਰਕਾ ਦੇ ਫਾਊਂਡਰ ਐਡੀਟਰ ਗਿਆਨੀ ਸ਼ਾਦੀ ਸਿੰਘ ਦੇ ਵੱਡੇ ਸਪੁੱਤਰ ਸਨ ਅਤੇ ਮੌਜੂਦਾ ਮੁੱਖ ਸੰਪਾਦਕ ਸ.ਬੀਰਪਾਲ ਸਿੰਘ ਦੇ ਵੱਡੇ ਭਰਾ ਸਨ।
ਸ.ਗੁਰਮੁਖਪਾਲ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਗੁੜਗਾਂਓ ਦੇ ਵਿਦਾਂਤਾ ਹਸਪਤਾਲ ਵਿੱਚ ਦਾਖਲ ਸਨ।ਉਹਨਾਂ ਦੇ ਅੰਤਿਮ ਸਮੇਂ ਉਹਨਾਂ ਦਾ ਬੇਟਾ ਪਵਨਦੀਪ ਸਿੰਘ ਉਹਨਾਂ ਦੇ ਕੋਲ ਸੀ। ਸ.ਪਵਨਦੀਪ ਸਿੰਘ ਨੇ ਦੱਸਿਆ ਕਿ ਗੁਰਮੁਖਪਾਲ ਭਾਜੀ ਦਾ ਅੰਤਿਮ ਸਸਕਾਰ 10ਜਨਵਰੀ,ਦਿਨ ਐਤਵਾਰ ਨੂੰ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਸਵੇਰੇ 11ਵਜੇ ਕੀਤਾ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ,ਵਿਸ਼ਵ ਵਾਰਤਾ ਦੇ ਸੰਪਾਦਕ ਦਵਿੰਦਰਜੀਤ ਸਿੰਘ ਦਰਸ਼ੀ, ਸ.ਤੇਜਿੰਦਰ ਸਿੰਘ ਬਿੱਟੂ ਚੇਅਰਮੈਨ ਪਨਸਪ, ਇਮਪੀਰੀਅਲ ਕਾਪਰੇਟਿਵ ਬੈਂਕ ਦੇ ਚੇਅਰਮੈਨ ਸ਼ਿਸ਼ਪਾਲ ਸਿੰਘ ,ਮੇਜਰ ਸਿੰਘ ਅਜੀਤ ,ਗੁਰਪੁਨੀਤ ਸਿੰਘ ਸਿੱਧੂ ਅਤੇ ਇੰਦਰਪੁਨੀਤ ਸਿੰਘ ਸਿੱਧੂ(ਆਸਟ੍ਰੇਲੀਆ),ਦਲਜੀਤ ਸਿੰਘ ਛਾਬੜਾ ਐਡਵੋਕੇਟ, ਸੁਖਵਿੰਦਰਪਾਲ ਸਿੰਘ ਸਾਬਕਾ ਏ.ਈ.ਟੀ.ਸੀ, ਗੁਰਦੀਪ ਸਾਜਨ ਅਕਾਲੀ ਪੱਤਰਕਾ ,ਸ.ਸੁੱਚਾ ਸਿੰਘ ਜੌਹਲ ਐਮ.ਡੀ ਅਕਾਲੀ ਪੱਤਰਕਾ ,ਬਾਬਾ ਜਗਜੀਤ ਸਿੰਘ ਆਦਿ ਨੇ ਸ.ਗੁਰਮੁੱਖਪਾਲ ਸਿੰਘ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਸਵਰਗਵਾਸੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।






















