ਰੋਪੜ ਪੁਲਿਸ ਵੱਲੋਂ ਛੋਟੇ ਮਾਮਲਿਆਂ ਨੂੰ ਸੁਚਾਰੂ ਢੰਗ ਨਾਲ ਨਿਪਟਾਉਣ ਲਈ ‘ਪੁਲਿਸ ਤੁਹਾਡੀਆਂ ਬਰੂਹਾਂ ’ਤੇ ’ ਮੁਹਿੰਮ ਦੀ ਸ਼ੁਰੂਆਤ
ਜ਼ਿਲ੍ਹੇ ਵਿੱਚ ਲਗਾਏ ਗਏ 10 ਕੈਂਪਾਂ ਦੌਰਾਨ 530 ਮਾਮਲੇ ਆਪਸੀ ਸਮਝੌਤੇ ਨਾਲ ਨਿਪਟਾਏ
ਚੰਡੀਗੜ੍ਹ/ਰੂਪਨਗਰ, 8 ਸਤੰਬਰ:
ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਆਪਣੀ ਤਰ੍ਹਾਂ ਦੇ ਨਵੇਕਲੀ ਪਹਿਲਕਦਮੀ ਅਧੀਨ ਐਤਵਾਰ ਨੂੰ ਰੂਪਨਗਰ ਪੁਲਿਸ ਵੱਲੋਂ ਛੋਟੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਨੂੰ ਦੋਵੇਂ ਧਿਰਾਂ ਦੇ ਆਪਸੀ-ਸਮਝੌਤੇ ਨਾਲ ਮੌਕੇ ’ਤੇ ਹੀ ਨਿਪਟਾਉਣ ਲਈ ‘ਪੁਲਿਸ ਤੁਹਾਡੀਆਂ ਬਰੂਹਾਂ ’ਤੇ’ ਮੁਹਿੰਮ ਸ਼ੁਰੂਆਤ ਕੀਤੀ ਹੈ।
‘ਪੁਲਿਸ ਤੁਹਾਡੀਆਂ ਬਰੂਹਾਂ ’ਤੇ ’ ਮੁਹਿੰਮ ਅਧੀਨ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ 10 ਕੈਂਪ ਲਗਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ 4000 ਲੋਕਾਂ ਨੇ ਭਾਗ ਲਿਆ ਅਤੇ 530 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਕੈਂਪ ਦੌਰਾਨ ਸ਼ਿਕਾਇਤ ਕਰਤਾ ਅਤੇ ਵਿਰੋਧੀ ਧਿਰਾਂ ਨੇ ਇਕੱਠੇ ਹੋ ਕੇ ਆਪਸੀ ਰਜ਼ਾਮੰਦੀ ਨਾਲ ਸਮਝੌਤੇ ਕੀਤੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰੋਪੜ ਐਸਐਸਪੀ ਸਵਪਨ ਸ਼ਰਮਾ ਨੇ ਖੁਲਾਸਾ ਕੀਤਾ ਕਿ ਛੋਟੀਆਂ ਸ਼ਿਕਾਇਤਾਂ ਨਾਲ ਵਧ ਰਹੇ ਕਾਰਜ-ਭਾਰ ਨੂੰ ਘਟਾਉਣ ਲਈ ਇਸ ਮਹੀਨਾਵਾਰ ਪੋ੍ਰਗਰਾਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਛੋਟੇ ਮਾਮਲਿਆਂ ਨਾਲ ਸਬੰਧਤ ਸ਼ਿਕਾਇਤਾਂ ਨੂੰ ਨਿਪਟਾਉਣ ਲਈ ਪੁਲਿਸ ਅਤੇ ਲੋਕਾਂ ਦਾ ਕਾਫੀ ਸਮਾਂ ਲੱਗ ਜਾਂਦਾ ਹੈ। ਪ੍ਰਬੰਧਕੀ ਅਧਿਐਨਾਂ ਮੁਤਾਬਕ ਇਹ ਪ੍ਰੋਗਰਾਮ ਇੱਕ ਪਾਸੇ ਪੁਲਿਸ ਅਤੇ ਲੋਕਾਂ ਵਿੱਚ ਵਧੀਆ ਤਾਲਮੇਲ ਪੈਦਾ ਕਰੇਗਾ ਅਤੇ ਦੂਜੇ ਪਾਸੇ ਲੋਕਾਂ ਨੂੰ ਇੱਕ ਕੰਮ ਲਈ ਵਾਰ ਵਾਰ ਆਉਣ ਜਾਣ ਲਈ ਖੱਜਲ-ਖਵਾਰ ਨਹੀਂ ਹੋਣਾ ਪਵੇਗਾ। ਇਸ ਪ੍ਰੋਗਰਾਮ ਬਾਰੇ ਹੋਣ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਦਫ਼ਤਰ ਵਿੱਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਜੁਰਮਾਂ ਦੀ ਕਿਸਮ ਦੇ ਅਧਾਰ ’ਤੇ ਸੂਚੀਬੱਧ ਕੀਤਾ ਗਿਆ। ਮਹੀਨੇ ਦੇ ਪਹਿਲੇ ਐਤਵਾਰ ਨੂੰ ਸ਼ਿਕਾਇਤ ਕਰਤਾ ਅਤੇ ਦੋਸ਼ੀਆਂ ਨੂੰ ਸਬੰਧਤ ਦਫ਼ਤਰਾਂ ਵਿੱਚ ਬੁਲਾਇਆ ਗਿਆ ਅਤੇ ਉਨ੍ਹ.ਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਕੇ ਹੱਲ ਕੀਤਾ ਗਿਆ ਅਤੇ ਇਹ ਸਭ ਕੁਝ ਖੁਸ਼ਗਵਾਰ ਮਾਹੌਲ ਵਿੱਚ ਨੇਪਰੇ ਚਾੜ੍ਹਿਆ ਗਿਆ ਜਿਸਦੇ ਨਤੀਜੇ ਬਹੁਤ ਹੀ ਹਾਂਪੱਖੀ ਰਹੇ।
ਆਨੰਦਪੁਰ ਸਾਹਿਬ ਦੇ ਇੱਕ ਸਰਪੰਚ ਨੇ ‘ਪੁਲਿਸ ਤੁਹਾਡੀਆਂ ਬਰੂਹਾਂ ’ਤੇ ’ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਸ ਨਾਲ ਅਸੰਤੁਸ਼ਟ ਪਾਰਟੀਆਂ ਨੂੰ ਆਪਣੇ ਮਾਮਲੇ ਲਈ ਮਦਦ ਮਿਲਣ ਨਾਲ ਬਹੁਤ ਰਾਹਤ ਮਿਲੀ ਹੈ ਜਿੱਥੇ ਪੁਲਿਸ ਅਤੇ ਪਿੰਡ ਦੇ ਮੋਹਤਬਰਾਂ ਵਲੋਂ ਵੀ ਮਦਦ ਅਤੇ ਸਹਿਯੋਗ ਦਿੱਤਾ ਗਿਆ। ਚਮਕੌਰ ਸਾਹਿਬ ਦੇ ਇੱਕ ਵਾਰਡ ਮੈਂਬਰ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਇਹ ਦੇਖਣ ਨੂੰ ਬਹੁਤ ਸੁਖਾਵਾਂ ਤੇ ਚੰਗਾ ਲਗਦਾ ਹੈ ਕਿ ਅਧਿਕਾਰੀ ਸੰਤੋਸ਼ਜਨਕ ਮਾਹੌਲ ’ਚ ਜਨਤਾ ਵਿੱਚ ਬੈਠਕੇ ਉਨ੍ਹਾਂ ਦੇ ਮਾਮਲਿਆਂ ਨੂੰ ਸੁਲਝਾ ਰਹੇ ਹਨ। ਇਸ ਵਿੱਚ ਛੋਟੀਆਂ ਸ਼ਿਕਾਇਤਾਂ ਜਿਵੇਂ ਕਿ ਲੜਾਈ -ਝਗੜੇ, ਘਰੇਲ ਝਗੜੇ, ਪਾਣੀ ਅਤੇ ਵੰਡ ਸਬੰਧੀ ਮਾਮਲੇ ਸ਼ਾਮਲ ਹਨ। ਆਮ ਤੌਰ ’ਤੇ ਇਨ੍ਹਾਂ ਸ਼ਿਕਾਇਤਾਂ ਨੂੰ ਸੁਲਝਾਉਣ ਲਈ ਕਾਫੀ ਕਾਗਜ਼ੀ ਕਾਰਵਾਈ ਅਤੇ ਸਮਾਂ ਲਗਦਾ ਹੈ, ‘ਪੁਲਿਸ ਤੁਹਾਡੀਆਂ ਬਰੂਹਾਂ ’ਤੇ ’ ਪ੍ਰੋਗਰਾਮ ਨਾਲ ਵੱਡੇ ਪੱਧਰ ’ਤੇ ਸਮੇਂ ਦੀ ਬੱਚਤ ਹੋਈ ਹੈ ਅਤੇ ਲੋਕਾਂ ਨੂੰ ਸਹੂਲਤ ਦਿੰਦੇ ਹੋਏ ਉਨ੍ਹਾਂ ਦੇ ਮਾਮਲੇ ਵੀ ਸੁਲਝੇ ਹਨ।
ਐਸਐਸਪੀ ਨੇ ਦੱਸਿਆ ਕਿ ਵਿਰੋਧੀ ਧਿਰਾਂ ਵੱਖ ਵੱਖ ਮਿਲਣ ਵਾਲੀਆਂ ਥਾਵਾਂ ’ਤੇ ਵਿਸ਼ੇਸ਼ ਤੌਰ ’ਤੇ ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਪਿੰਡ ਦੇ ਬਜ਼ੁਰਗਾਂ ਅਤੇ ਹੋਰਾਂ ਵਲੋਂ ਵਿਰੋਧੀ ਧਿਰਾਂ ਦੇ ਸਮਝੌਤੇ ਕਰਾਉਣ ਲਈ ਪੁਲਿਸ ਦੀ ਮਦਦ ਵੀ ਕੀਤੀ ਗਈ। ਇਸ ਮੁਹਿੰਮ ਅਧੀਨ 600 ਸ਼ਿਕਾਇਤਾਂ ਨੂੰ ਨਿਪਟਾਰੇ ਲਈ ਸੂਚੀਬੱਧ ਕੀਤਾ ਗਿਆ ਸੀ ਅਤੇ ਇੱਕ ਦਿਨ ਵਿੱਚ 530 ਸ਼ਿਕਾਇਤਾਂ ਨੂੰ ਲੋਕਾਂ ਦੀ ਆਪਸੀ ਰਜ਼ਾਮੰਦੀ ਨਾਲ ਸੁਲਝਾਇਆ ਗਿਆ।
ਆਪਣੀ ਤਰ੍ਹਾਂ ਦੇ ਇਸ ਵਿਲੱਖਣ ਉਪਰਾਲੇ ਅਧੀਨ ਲਗਾਏ ਗਏ ਕੈਂਪਾਂ ਵਿੱਚ ਪੰਚਾਇਤੀ ਰਾਜ ਇਕਾਈ ਦਾ ਅਹਿਮ ਰੋਲ ਸਾਬਤ ਹੋਇਆ। ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਲੀਡਰਾਂ ਨਾਲ ਪ੍ਰਸ਼ਾਸਨਿਕ ਪਰਮਪਰਾਵਾਂ ਨੂੰ ਬਰਕਰਾਰ ਰੱਖਿਆ ਗਿਆ। ਇਸ ਉਪਰਾਲੇ ਨਾਲ ਸਮਾਜ ਵਿੱਚ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਦਾ ਇੱਕ ਹਾਂ-ਪੱਖੀ ਭਾਈਵਾਲ ਤੇ ਵਧੀਆ ਅਕਸ ਵੀ ਉਭਰ ਕੇ ਸਾਹਮਣੇ ਆਇਆ ਹੈ।