– ਅਵਾਰਾ ਪਸ਼ੂ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਦਰੱਖ਼ਤ ਨਾਲ ਟਕਰਾਇਆ
ਮਾਨਸਾ, 22 ਅਗਸਤ (ਵਿਸ਼ਵ ਵਾਰਤਾ)- ਮਾਨਸਾ ਨੇੜਲੇ ਪਿੰਡ ਖਿਆਲਾ ਖੁਰਦ ਦੇ ਕੋਲ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਇਥੇ ਹੋਈ ਰੈਲੀ ਤੋਂ ਵਾਪਸ ਜਾ ਰਹੇ ਉਸਦੇ ਕਰੀਬ ਦੋਸਤ ਨਵਨੀਤ ਸਿੰਘ (40) ਪੁੱਤਰ ਨਛੱਤਰ ਸਿੰਘ ਵਾਸੀ ਬੀਰ ਖੁਰਦ ਦੀ ਉਸ ਵੇਲੇ ਮੌਤ ਹੋ ਗਈ, ਜਦੋਂ ਉਸਦਾ ਮੋਟਰ ਸਾਈਕਲ ਅਵਾਰਾ ਪਸ਼ੂ ਨਾਲ ਟਕਰਾਕੇ ਇੱਕ ਦਰੱਖ਼ਤ ਵਿੱਚ ਜਾ ਵੱਜਿਆ। ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਵਨੀਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਵਿਧਵਾ ਸਮੇਤ ਇੱਕ ਬੇਟਾ-ਬੇਟੀ ਛੱਡ ਗਏ ਹਨ। ਉਹ ਆੜਤੀਆ ਸੈਲਰ ਮਾਲਕ ਅਤੇ ਇੱਕ ਸਫ਼ਲ ਕਾਰੋਬਾਰੀ ਕਿਸਾਨ ਮੰਨਿਆ ਜਾਂਦਾ ਸੀ।
ਇਹ ਦੁਰਘਟਨਾ ਉਸ ਵੇਲੇ ਹੋਈ ਜਦੋਂ ਰੈਲੀ ਦੀ ਸਮਾਪਤੀ ਤੋਂ ਬਾਅਦ ਉਹ ਆਪਣੇ ਬੁਲਟ ਮੋਟਰ ਸਾਈਕਲ ਉਤੇ ਵਾਪਸ ਆਪਣੇ ਪਿੰਡ ਬੀਰ ਖੁਰਦ ਜਾ ਰਿਹਾ ਸੀ। ਅਚਾਨਕ ਉਸਦੇ ਮੋਟਰ ਸਾਈਕਲ ਅੱਗੇ ਇੱਕ ਅਵਾਰਾ ਪਸ਼ੂ ਆਇਆ, ਜਿਸ ਨਾਲ ਟਕਰਾਕੇ ਮੋਟਰ ਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਉਹ ਦਰੱਖਤ ਵਿੱਚ ਵੱਜਿਆ।
ਥਾਣਾ ਸਦਰ ਮਾਨਸਾ ਦੇ ਏ.ਐਸ.ਆਈ ਜ਼ਸਵੀਰ ਸਿੰਘ ਨੇ ਦੱਸਿਆ ਕਿ ਨਵਨੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕੀਤੀ ਗਈ ਅਤੇ ਦੇਰ ਸ਼ਾਮ ਉਸਦਾ ਅੰਤਿਮ ਸੰਸਕਾਰ ਪਿੰਡ ਬੀਰ ਖੁਰਦ ਵਿਖੇ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ,ਹਰਪਾਲ ਚੀਮਾ,ਮਨਜੀਤ ਸਿੱਧੂ, ਨਵਦੀਪ ਸੰਘਾ,ਗਿਆਨ ਸਿੰਘ ਮਾਨ,ਗੈਰੀ ਵੜਿੰਗ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸਮੇਤ ਇਲਾਕੇ ਨਿਵਾਸੀ ਮੌਜੂਦ ਸਨ।