
-ਸੁਖਪਾਲ ਸਿੰਘ ਖਹਿਰਾ ਦੀ ਨਿੱਜੀ ਰਾਇ ਨਾਲ ਪਾਰਟੀ ਦਾ ਸੰਬੰਧ ਨਹੀਂ: ਆਪ
-ਖਹਿਰਾ ਕੋਲੋਂ ਸਪੱਸ਼ਟੀਕਰਨ ਮੰਗੇਗੀ ਪਾਰਟੀ: ਆਪ ਪੰਜਾਬ
ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਪੱਸ਼ਟ ਕੀਤਾ ਕਿ ਪਾਰਟੀ ‘ਰੈਂਫਰੈਂਡਮ 2020 ਮੁਹਿੰਮ’ ਦਾ ਪ੍ਰਤੱਖ ਜਾਂ ਅਪ੍ਰਤੱਖ ਰੂਪ ‘ਚ ਕਿਸੇ ਕਿਸਮ ਦਾ ਸਮਰਥਨ ਨਹੀਂ ਕਰਦੀ।
‘ਆਪ’ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ, ਮਾਝਾ ਜੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਮਾਲਵਾ ਜੋਨ-1 ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ, ਮਾਲਵਾ ਜੋਨ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਅਤੇ ਮਾਲਵਾ ਜੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਫ਼ ਸ਼ਬਦਾਂ ‘ਚ ਸਪੱਸ਼ਟ ਕਰਦੀ ਹੈ ਕਿ ਪਾਰਟੀ ਭਾਰਤੀ ਸੰਵਿਧਾਨ, ਦੇਸ਼ ਦੀ ਪ੍ਰਭੂ ਸੱਤਾ ਅਤੇ ਏਕਤਾ-ਅਖੰਡਤਾ ‘ਚ ਸੰਪੂਰਨ ਵਿਸ਼ਵਾਸ ਰੱਖਦੀ ਹੈ, ਇਸ ਲਈ ਪਾਰਟੀ ਦੇਸ਼ ਨੂੰ ਵੰਡਣ ਜਾ ਤੋੜਨ ਵਾਲੇ ਕਿਸੇ ਵੀ ਪ੍ਰਕਾਰ ਦੇ ‘ਰੈਂਫਰੈਂਡਮ’ ‘ਚ ਨਾ ਯਕੀਨ ਰੱਖਦੀ ਹੈ ਅਤੇ ਨਾ ਹੀ ਸਮਰਥਨ ਕਰਦੀ ਹੈ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ‘ਰੈਂਫਰੈਂਡਮ 2020’ ਦੇ ਸਮਰਥਨ ਕੀਤੇ ਜਾਣ ‘ਤੇ ਹੈਰਾਨਗੀ ਪ੍ਰਗਟ ਕਰਦੇ ਹੋਏ ਪਾਰਟੀ ਆਗੂਆਂ ਨੇ ਕਿਹਾ ਕਿ ਰੈਂਫਰੈਂਡਮ 2020 ਨੂੰ ਹਮਾਇਤ ਸੁਖਪਾਲ ਸਿੰਘ ਖਹਿਰਾ ਦੀ ਆਪਣੀ ਨਿੱਜੀ ਰਾਇ ਹੋ ਸਕਦੀ ਹੈ, ਪ੍ਰੰਤੂ ਇਸ ਤਰ੍ਹਾਂ ਦੀ ਰਾਇ ਨਾਲ ਆਮ ਆਦਮੀ ਪਾਰਟੀ ਦਾ ਕੋਈ ਸੰਬੰਧ ਨਹੀਂ। ਸੁਖਪਾਲ ਸਿੰਘ ਖਹਿਰਾ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਜੋਨ ਪ੍ਰਧਾਨਾਂ ਨੇ ਕਿਹਾ ਕਿ ਪਾਰਟੀ ਸੁਖਪਾਲ ਸਿੰਘ ਖਹਿਰਾ ਤੋਂ ਇਸ ਸੰਬੰਧੀ ਸਪੱਸ਼ਟੀਕਰਨ ਮੰਗੇਗੀ। ‘ਆਪ’ ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ‘ਆਪ’ ਪਾਰਟੀ ਦੇ ਸਿਧਾਂਤਾਂ ਅਤੇ ਪਾਰਟੀ ਦੇ ਦੇਸ਼ ਅਤੇ ਦੇਸ਼ ਵਾਸੀਆਂ ਪ੍ਰਤੀ ਸਮਰਪਣ ਦੀਆਂ ਹੱਦਾਂ ਉਲੰਘਣ ਵਾਲੇ ਆਗੂਆਂ ਜਾਂ ਵਲੰਟੀਅਰਾਂ ਉੱਪਰ ਕਾਰਵਾਈ ਕਰਨ ਤੋਂ ਵੀ ਨਹੀਂ ਝਿਜਕੇਗੀ, ਇਸ ਲਈ ਪਾਰਟੀ ਦਾ ਹਰੇਕ ਆਗੂ ਅਤੇ ਅਹੁਦੇਦਾਰ ਪਾਰਟੀ ਦੇ ਸੰਵਿਧਾਨ, ਸਿਧਾਂਤਾਂ, ਫ਼ਰਜ਼ਾਂ ਅਤੇ ਅਨੁਸ਼ਾਸਨਿਕ ਸੀਮਾਵਾਂ ਦਾ ਪਾਲਨ ਕਰਨ ਲਈ ਪਾਬੰਦ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਪਾਰਟੀ ਅੱਜ ਦਿੱਲੀ ‘ਚ ਸਰਕਾਰ ਅਤੇ ਪੰਜਾਬ ‘ਚ ਮੁੱਖ ਵਿਰੋਧੀ ਧਿਰ ਵੱਜੋ ਜ਼ਿੰਮੇਵਾਰੀ ਨਿਭਾਅ ਰਹੀ ਹੈ। ਪਾਰਟੀ ਦੇ ਸਾਰੇ ਵਿਧਾਇਕਾਂ, ਲੋਕ ਸਭਾ ਮੈਂਬਰਾਂ ਅਤੇ ਰਾਜ ਸਭਾ ਮੈਂਬਰਾਂ ਨੇ ਭਾਰਤੀ ਸੰਵਿਧਾਨ ਦੀ ਪਾਲਨਾ ਅਤੇ ਦੇਸ਼ ਦੀ ਪ੍ਰਭੂਸੱਤਾ ‘ਚ ਪੂਰਨ ਵਿਸ਼ਵਾਸ ਦੀ ਸਹੁੰ ਚੁੱਕੀ ਹੋਈ ਹੈ, ਇਸ ਲਈ ਆਮ ਆਦਮੀ ਪਾਰਟੀ ਦੇਸ਼ ਨੂੰ ਕਮਜ਼ੋਰ ਕਰਨ ਵਾਲੀਆਂ ਅੰਦਰੂਨੀ ਅਤੇ ਬਾਹਰੀ ਤਾਕਤਾਂ ਦਾ ਸਮਰਥਨ ਨਹੀਂ ਕਰਦੀ।























