ਸਭ ਦੇ ਦੋਸ਼ਾਂ ਦਾ ਨਿਤਾਰਾ ਕਰ ਦੇਵੇਗੀ ਨਿਰਪੱਖ ਸੀਬੀਆਈ ਜਾਂਚ – ਡਾ. ਬਲਬੀਰ ਸਿੰਘ
25 ਜੂਨ ਨੂੰ ਰੂਪਨਗਰ ਦੇ ਧਰਨੇ ਵਿਚ ਐਲਾਨਿਆ ਜਾਵੇਗਾ ਅਗਲਾ ਪ੍ਰੋਗਰਾਮ
ਚੰਡੀਗੜ੍ਹ, 23 ਜੂਨ (ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਰੇਤ ਮਾਫ਼ੀਆ ਦੀ ਸ਼ਰੇਆਮ ਪੁਸ਼ਤ ਪਨਾਹੀ ਕਰਨ ਲੱਗ ਪਈ ਹੈ। ਇਹੋ ਵਜ੍ਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਧੜੱਲੇ ਨਾਲ ਚੱਲ ਰਹੀ ਨਜਾਇਜ਼ ਮਾਈਨਿੰਗ ਦਾ ਸਮੁੱਚਾ ਮਾਮਲਾ ਸੀਬੀਆਈ ਜਾਂਚ ਹਵਾਲੇ ਕਰਨ ਤੋਂ ਭੱਜ ਰਹੇ ਹਨ।
ਆਪ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਆਮ ਆਦਮੀ ਪਾਰਟੀ ਰੇਤ ਮਾਫ਼ੀਆ ਵਿਰੁੱਧ ਫ਼ੈਸਲਾਕੁਨ ਲੜਾਈ ਲੜੇਗੀ ਅਤੇ ਇਸ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਤੋਂ ਲੈ ਕੇ ਹੁਣ ਤੱਕ ਜਾਰੀ ਅਰਬਾਂ ਰੁਪਏ ਦੀ ਇਸ ਲੁੱਟ ਦੀ ਜਾਂਚ ਸੀਬੀਆਈ ਹਵਾਲੇ ਕਰਾਉਣ ਲਈ ਹਰ ਦਬਾਅ ਬਣਾਵੇਗੀ। ਸੜਕਾਂ ਤੋਂ ਲੈ ਕੇ ਸੰਸਦ ਤੱਕ ਆਵਾਜ਼ ਉਠਾਈ ਜਾਵੇਗੀ। ਲੋਕਾਂ ਦੀ ਕਚਹਿਰੀ ਵਿਚ ਬਾਦਲਾਂ ਵਾਂਗ ਕੈਪਟਨ ਸਰਕਾਰ ਦੇ ਰਾਜ ਵਿਚ ਚੱਲ ਰਹੇ ਮਾਫ਼ੀਆ ਰਾਜ ਦਾ ਪਰਦਾਫਾਸ਼ ਕੀਤਾ ਜਾਵੇਗਾ। ਲੋੜ ਪੈਣ ਉੱਤੇ ਅਦਾਲਤਾਂ ਅਤੇ ਉੱਚ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਸਰਪ੍ਰਸਤੀ ਥੱਲੇ ਰੇਤ ਮਾਫ਼ੀਆ ਦੇ ਹੌਸਲੇ ਪਹਿਲਾਂ ਨਾਲੋਂ ਇਸ ਕਦਰ ਵੱਧ ਗਏ ਹਨ ਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਤੇ ਵਾਰ-ਵਾਰ ਹਮਲੇ ਹੋ ਰਹੇ ਸਨ, ਹੁਣ ਵਿਧਾਇਕ ਅਤੇ ਵਰਦੀਧਾਰੀ ਸੁਰੱਖਿਆ ਕਰਮੀਂ ਵੀ ਇਸ ਗੁੰਡਾਗਰਦੀ ਦਾ ਸ਼ਿਕਾਰ ਹੋਣ ਲੱਗ ਪਏ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੀ ਗੁੰਡਾਗਰਦੀ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਾ. ਬਲਬੀਰ ਸਿੰਘ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨੇ ਰੇਤ ਮਾਫ਼ੀਆ ਅੱਗੇ ਗੋਡੇ ਟੇਕਦਿਆਂ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਅ ਉੱਤੇ ਰੂਪਨਗਰ ਜ਼ਿਲ੍ਹੇ ਵਿਚ ਅਤੇ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਅਤੇ ਅਫ਼ਸਰਾਂ ਉੱਪਰ ਹੋਏ ਹਮਲਿਆਂ ਨੂੰ ਉਸੇ ਤਰਾਂ ਦਬਾਉਣ ਦੀ ਕਵਾਇਦ ਸ਼ੁਰੂ ਕਰ ਲਈ ਹੈ। ਜਿਸ ਤਰਾਂ ਪਹਿਲਾਂ ਸ਼ੰਭੂ ਵਿਚ ਖਣਨ ਵਿਭਾਗ ਦੇ ਅਫ਼ਸਰ ਦੀ ਕੀਤੀ ਗਈ ਕੁੱਟਮਾਰ ਦਾ ਮਾਮਲਾ ਦਬਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਕੈਪਟਨ ਸਰਕਾਰ ਦੇ ਅਜਿਹੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
ਡਾ. ਬਲਬੀਰ ਸਿੰਘ ਨੇ ਪੰਜਾਬ ਕਾਂਗਰਸ ਅਤੇ ਅਕਾਲੀਆਂ ਦੇ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਅ ਉੱਪਰ ਮਾਈਨਿੰਗ ਮਾਫ਼ੀਆ ਨਾਲ ਸੰਬੰਧਾਂ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਬਿਨਾ ਤੱਥਾਂ-ਸਬੂਤਾਂ ਦੇ ਦੋਸ਼ ਲੱਗਾ ਕੇ ਉਹ ਰੇਤ ਮਾਫ਼ੀਆ ਨੂੰ ਆਪਣੀ ਦਿੱਤਾ ਜਾ ਰਹੀ ਸਰਪ੍ਰਸਤੀ ਉੱਤੇ ਪਰਦਾ ਨਹੀਂ ਪਾ ਸਕਦੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਦ ਸੀਬੀਆਈ ਦੀ ਨਿਰਪੱਖ ਜਾਂਚ ਹੋਵੇਗੀ ਤਾਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਰੇਤ ਮਾਫ਼ੀਆ ਨੂੰ ਪੁਸ਼ਤ ਪਨਾਹੀ ਦੇ ਨਾਲ-ਨਾਲ ਇਸ ਮਾਮਲੇ ਦੀ ਵੀ ਜਾਂਚ ਹੋ ਜਾਵੇਗੀ। ਇਸ ਲਈ ਇਹ ਸੂਬੇ ਵਿਚ ਪਿਛਲੇ 15-20 ਸਾਲ ਦੌਰਾਨ ਹੋਈ ਸਮੁੱਚੀ ਜਾਇਜ਼ ਨਜਾਇਜ਼ ਮਾਈਨਿੰਗ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ, ਕਿਉਂਕਿ ਆਮ ਆਦਮੀ ਪਾਰਟੀ ਸਮੇਤ ਸੂਬੇ ਦੀ ਜਨਤਾ ਨੂੰ ਵੀ ਪੰਜਾਬ ਸਰਕਾਰ ਦੀਆਂ ਜਾਂਚ ਏਜੰਸੀਆਂ ਉੱਪਰ ਕੋਈ ਭਰੋਸਾ ਨਹੀਂ ਹੈ, ਜੋ ਮਾਫ਼ੀਆ ਸਰਕਾਰ ਦੇ ਦਬਾਅ ਥੱਲੇ ਕੰਮ ਕਰ ਰਹੀਆਂ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ 25 ਜੂਨ ਨੂੰ ਰੇਤ ਮਾਫ਼ੀਆ ਵਿਰੁੱਧ ਸੀਬੀਆਈ ਦੀ ਜਾਂਚ ਨੂੰ ਲੈ ਕੇ ਲਗਾਏ ਜਾ ਰਹੇ ਧਰਨੇ ਵਿਚ ਸੰਘਰਸ਼ ਦੇ ਅਗਲੇ ਪੜਾਅ ਦੀ ਲਾਮਬੰਦੀ ਕੀਤੀ ਜਾਵੇਗੀ।