ਰੂਸ ਦੇ ਹਮਲਿਆਂ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਨੇ ਯੂਰਪੀਅਨ ਯੂਨੀਅਨ ਵਿੱਚ ਦਾਖਲ ਹੋਣ ਲਈ ਅਰਜੀ ਤੇ ਕੀਤੇ ਦਸਤਖ਼ਤ
ਪੜ੍ਹੋ ਕੀ ਹੈ ਯੂਰਪੀਅਨ ਯੂਨੀਅਨ
ਚੰਡੀਗੜ੍ਹ,1 ਮਾਰਚ(ਵਿਸ਼ਵ ਵਾਰਤਾ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਅਧਿਕਾਰਤ ਤੌਰ ‘ਤੇ ਯੂਰਪੀਅਨ ਯੂਨੀਅਨ ਵਿੱਚ ਯੂਕਰੇਨ ਦੀ ਮੈਂਬਰਸ਼ਿਪ ਲਈ ਇੱਕ ਅਰਜ਼ੀ ‘ਤੇ ਦਸਤਖਤ ਕੀਤੇ ਹਨ । ਇਸ ਦਾ ਖੁਲਾਸਾ ਉਹਨਾਂ ਦੇ ਅਧਿਕਾਰਤ ਫੇਸਬੁੱਕ ਪੇਜ ਰਾਂਹੀ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿੱਚ ਯੂਰਪੀਅਨ ਯੂਨੀਅਨ ਵਿੱਚ 27 ਦੇਸ਼ ਹਨ ਜਿਹਨਾਂ ਵਿੱਚ ਆਸਟਰੀਆ, ਬੈਲਜੀਅਮ, ਬੁਲਗਾਰੀਆ, ਕਰੋਏਸ਼ੀਆ, ਸਾਈਪ੍ਰਸ ਗਣਰਾਜ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਗ੍ਰੀਸ, ਹੰਗਰੀ, ਆਇਰਲੈਂਡ, ਇਟਲੀ, ਲਾਤਵੀਆ, ਲਿਥੁਆਨੀਆ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੋਲੈਂਡ, ਪੁਰਤਗਾਲ, ਰੋਮਾਨੀਆ, ਸਲੋਵਾਕੀਆ, ਸਲੋਵੇਨੀਆ, ਸਪੇਨ ਅਤੇ ਸਵੀਡਨ ਸ਼ਾਮਿਲ ਹਨ । ਯੂਕਰੇਨ ਨੂੰ ਵਰਤਮਾਨ ਵਿੱਚ ਈਯੂ ਲਈ ਅਧਿਕਾਰਤ ਉਮੀਦਵਾਰ ਵਜੋਂ ਮਾਨਤਾ ਨਹੀਂ ਦਿੱਤੀ ਗਈ ਹੈ।ਯੂਰਪੀਅਨ ਯੂਨੀਅਨ 27 ਮੈਂਬਰ ਰਾਜਾਂ ਦਾ ਇੱਕ ਰਾਜਨੀਤਿਕ ਅਤੇ ਆਰਥਿਕ ਸੰਘ ਹੈ ,ਜਿਸਦਾ ਮੁੱਖ ਕੰਮ ਇਹਨਾਂ ਸਾਰੇ ਦੇਸ਼ਾਂ ਦੀਆਂ ਨੀਤੀਆਂ ,ਅੰਦਰੂਨੀ ਬਾਜ਼ਾਰ ਵਿੱਚ ਲੋਕਾਂ, ਵਸਤੂਆਂ, ਸੇਵਾਵਾਂ ਅਤੇ ਪੂੰਜੀ ਦੀ ਸੁਤੰਤਰ ਆਵਾਜਾਈ ਨੂੰ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਇਹ ਕਾਨੂੰਨ ਬਣਾਉਣ, ਘਰੇਲੂ ਮਾਮਲੇ ਅਤੇ ਵਪਾਰ, ਖੇਤੀਬਾੜੀ,ਮੱਛੀ ਪਾਲਣ ਅਤੇ ਖੇਤਰੀ ਵਿਕਾਸ ‘ਤੇ ਸਾਂਝੀਆਂ ਨੀਤੀਆਂ ਬਣਾਉਣ ਵਿੱਚ ਭੂਮਿਕਾ ਅਦਾ ਕਰਦਾ ਹੈ।























