ਅਕਾਲੀ ਭਾਜਪਾ ਵਲੋਂ ਕੀਤੀ ਜਾਂਦੀ ਨਫਰਤ ਦੀ ਰਾਜਨੀਤੀ ਤੋਂ ਵੋਟਰ ਰਹਿਣ ਸੁਚੇਤ
ਕੈਪਟਨ ਦੀ ਸਰਕਾਰ ਬਦਲੇਗੀ ਪਟਿਆਲਾ ਦੀ ਨੁਹਾਰ-ਬ੍ਰਹਮ ਮਹਿੰਦਰਾ
ਪਟਿਆਲਾ, 11 ਮਈ- ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਸੁਨੀਤਾ ਰਾਣੀ ਸਰਪੰਚ ਬਾਬੂ ਸਿੰਘ ਕਲੌਨੀ ਵਲੋਂ ਕਰਵਾਈ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਸੁਚੇਤ ਕੀਤਾ ਕਿ ਉਹ ਨਫਰਤ ਦੀ ਰਾਜਨੀਤੀ ਕਰਨ ਵਾਲੇ ਅਕਾਲੀ ਭਾਜਪਾ ਵਰਗੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਦੇ ਆਗੂ ਧਰਮ ਅਤੇ ਜਾਤੀ ਦੇ ਅਧਾਰ ਤੇ ਵੋਟਰਾਂ ਨੂੰ ਗੁੰਮਰਾਹ ਕਰਕੇ ਵੋਟਾਂ ਬਟੋਰਨ ਲਈ ਲੋਕਾਂ ਵਿੱਚ ਵੰਡੀਆਂ ਪਾਉਂਦੇ ਹਨ। ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਸੀ ਸਦਭਾਵਨਾਂ ਬਣਾਈ ਰੱਖਣ ਦਾ ਸੰਦੇਸ਼ ਦੇ ਕੇ ਵਿਕਾਸ ਦੇ ਮੁੱਦੇ ਤੇ ਹੀ ਵੋਟਾਂ ਮੰਗੀਆਂ ਹਨ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕੀ ਉਹ ਪਟਿਆਲਾ ਲੋਕ ਸਭਾ ਹਲਕੇ ਦੇ ਚੌਹਤਰਫਾ ਵਿਕਾਸ ਲਈ ਉਹਨਾਂ ਨੂੰ ਵੱਡੀ ਪੱਧਰ ਤੇ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜਣ। ਉਹਨਾਂ ਯਕੀਨ ਦੁਆਇਆ ਕਿ ਉਹ ਪਟਿਆਲਾ ਹਲਕੇ ਨੂੰ ਵਿਕਾਸ ਪੱਖੋਂ ਇਕ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਪਰਨੀਤ ਕੌਰ ਨੇ ਆਖਿਆ ਕਿ ਕੇਂਦਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਹਮ ਖਿਆਲ ਪਾਰਟੀਆਂ ਦੀ ਬਹੁ ਗਿਣਤੀ ਹਮਾਇਤ ਨਾਲ ਸਰਕਾਰ ਬਣਨ ਜਾ ਰਹੀ ਹੈ, ਕਿਉਂਕਿ ਪਿਛਲੇ 5 ਸਾਲਾਂ ਦੇ ਮੋਦੀ ਸਰਕਾਰ ਦੇ ਰਾਜ ਵਿੱਚ ਉਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ ਹੋ ਚੱਕੇ ਹਨ। ਇਸ ਲਈ 19 ਮਈ ਨੂੰ ਕਾਂਗਰਸ ਪਾਰਟੀ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਭਾਰੀ ਬੁਹਮੱਤ ਨਾਲ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਬਣਾਈ ਜਾਵੇ, ਕਿਉਂਕਿ ਕਾਂਗਰਸ ਨੇ ਹੀ ਹਮੇਸ਼ਾਂ ਕਿਸਾਨਾਂ, ਵਪਾਰੀਆਂ ਅਤੇ ਗਰੀਬ ਵਰਗ ਦੇ ਲੋਕਾਂ ਦੀ ਭਲਾਈ ਲਈ ਵੱਡੀ ਪੱਧਰ ਤੇ ਸਕੀਮਾਂ ਲਾਗੂ ਕੀਤੀਆਂ ਹਨ।
ਇਸ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਾਉਣ ਲਈ ਵੱਡੀ ਪੱਧਰ ਤੇ ਵਿਕਾਸ ਸਕੀਮਾਂ ਲਾਗੂ ਕੀਤੀਆਂ ਹਨ। ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਜਿਥੇ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਸਤੇ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਰਾਜਿੰਦਰਾ ਹਸਪਤਾਲ ਵਿਖੇ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਤੈਨਾਤ ਕੀਤੇ ਗਏ ਹਨ। ਇਸ ਮੌਕੇ ਸੁਨੀਤਾ ਰਾਣੀ ਨੇ ਬਾਬੂ ਸਿੰਘ ਕਲੌਨੀ, ਅਮਨ ਵਿਹਾਰ ਕਲੌਨੀ, ਪ੍ਰੇਮ ਕਲੌਨੀ ਅਤੇ ਕੈਰੀਅਰ ਇੰਨਕਲੇਵ ਦੇ ਸਮੂਹ ਵਾਸੀਆਂ ਵਲੋਂ ਪਰਨੀਤ ਕੌਰ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਧੀਰ ਸਿੰਘ ਖਲੀਫੇਵਾਲ, ਬਲਾਕ ਸੰਮਤੀ ਮੈਂਬਰ ਹਰਮੀਤ ਸਿੰਘ ਢੀਂਡਸਾ, ਸੁਖਜਿੰਦਰ ਸਿੰਘ ਮਾਨਸ਼ਾਹੀਆ, ਸਰਪੰਚ ਯੁਵਰਾਜ ਸ਼ਰਮਾ, ਤਾਰਾ ਦੱਤ ਅਤੇ ਮਲਕੀਤ ਸਿੰਘ, ਸਾਬਕਾ ਚੇਅਰਮੈਨ ਬਲਾਕ ਸੰਮਤੀ ਸੁਖਪਾਲ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੁਸ਼ਿਆਰ ਸਿੰਘ ਕੈਦੋਂਪੁਰ, ਅਨਿਲ ਮਹਿਤਾ, ਸ਼ੇਰ ਖਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲੌਨੀ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਫੋਟੋ ਕੈਪਸ਼ਨ- ਉਮੀਦਵਾਰ ਪਰਨੀਤ ਕੌਰ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਬਾਬੂ ਸਿੰਘ ਕਲੌਨੀ ਵਿਖੇ ਸਮੂਹ ਨਿਵਾਸੀ ਚੋਣ ਰੈਲੀ ਦੌਰਾਨ ਭਰਵੇਂ ਹੁੰਗਾਰੇ ਦਾ ਭਰੋਸਾ ਦਿੰਦੇ ਹੋਏ।