– ਮੋਦੀ ਨੇ ਝੋਨੇ ਦਾ ਭਾਅ 200 ਰੁਪਏ ਵਧਾਇਆ, ਮਨਮੋਹਨ ਨੇ ਕਦੇ 20 ਰੁਪਏ ਨਹੀਂ ਟਪਾਇਆ
– ਕਾਂਗਰਸੀ ਅਤੇ ‘ਆਪ‘ ਆਗੂ ਡੋਪ ਟੈਸਟ ਕਰਵਾਕੇ ਸੱਚੇ—ਸੁੱਚੇ ਬਣਨ ਦਾ ਯਤਨ ਨਾ ਕਰਨ
ਮਾਨਸਾ, 7 ਜੁਲਾਈ (ਵਿਸ਼ਵ ਵਾਰਤਾ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸਮੁੱਚੇ ਪੰਜਾਬੀਆਂ ਨੂੰ 70 ਪ੍ਰਤੀਸ਼ਤ ਨਛੇੜੀ ਕਹਿਣ ਦੀ ਕੀਤੀ ਗਈ ਗਲਤੀ ਲਈ ਪੰਜਾਬ ਦੇ ਬਹਾਦਰ ਲੋਕਾਂ ਤੋਂ ਸਮੁੱਚੇ ਰੂਪ *ਚ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਟਕੇ ਨੂੰ ਹੱਥਾਂ ਵਿਚ ਫੜਕੇ ਲੋਕਾਂ ਦੇ ਇਕੱਠ ਵਿਚ ਚੁੱਕੀ ਗਈ ਸਹੁੰ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਹੁਣ ਆਪਣੇ ਵਾਅਦਿਆਂ ਤੋਂ ਭੱਜ ਗਏ ਹਨ, ਜਿਸ ਦਾ ਸਬਕ ਸਿਖਾਉਣ ਲਈ ਪੰਜਾਬ ਦੇ ਲੋਕਾਂ ਨੂੰ ਇਕ—ਮਿਕ ਹੋਣਾ ਚਾਹੀਦਾ ਹੈ। ਉਹ ਇਥੇ ਪਾਰਟੀ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਦੇਸ਼ ਵਿਚ ਹੁਣ ਕਾਂਗਰਸ ਦਾ ਭੋਗ ਪੈ ਗਿਆ ਹੈ ਅਤੇ ਜਿਹੜੇ ਇੱਕਾ—ਦੁੱਕਾ ਸੂਬਿਆਂ ਵਿਚ ਅਜੇ ਵੀ ਪਾਰਟੀ ਦਾ ਕੋਈ ਰਿਹਾ—ਸਿਹਾ ਅਸਰ ਹੈ, ਉਹ ਛੇਤੀ ਹੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖਿਲਾਫ ਲਾਮਬੰਦ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜੁਲਾਈ ਨੂੰ ਮਲੋਟ ਵਿਖੇ ਸੰਬੋਧਨ ਕਰਨ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਇਹ ਇਕੱਠ ਪ੍ਰਧਾਨ ਮੰਤਰੀ ਵੱਲੋਂ ਪੰਜਾਬੀ ਨਾਲ ਕੀਤੇ ਗਏ ਵਾਅਦਿਆਂ ਨੂੰ ਨਿਭਾਉਣ ਵਾਸਤੇ ਉਨ੍ਹਾਂ ਦੇ ਸਨਮਾਨ ਵੱਜੋ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਹ ਪਹਿਲੀ ਵਾਰ ਹੈ ਕਿ ਜਦੋਂ ਮੁਲਕ ਵਾਸਤੇ ਸਭ ਤੋਂ ਵੱਡੀ ਪੱਧਰ *ਤੇ ਕਣਕ ਅਤ ਚਾਵਲ ਪੈਦਾ ਕਰਨ ਵਾਲੇ ਸੂਬੇ ਪੰਜਾਬ ਦੇ ਕਿਸਾਨ ਦਾ ਉਤਸ਼ਾਹ ਵਧਾਉਣ ਵਾਸਤੇ ਝੋਨੇ ਦੀ ਕੀਮਤ ਵਿਚ 200 ਰੁਪਏ ਪ੍ਰਤੀ ਕੁਇੰਟਲ ਦਾ ਵੱਡਾ ਭਾਅ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਕਦੇ 20 ਰੁਪਏ ਕੁਇੰਟਲ ਤੋਂ ਵੱਧ ਝੋਨੇ ਦਾ ਭਾਅ ਨਹੀਂ ਵਧਾਇਆ ਗਿਆ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨਾਲ ਝੋਨੇ ਉਪਰ 30 ਰੁਪਏ ਕੁਇੰਟਲ ਦਿੱਤੇ ਬੋਨਸ ਦੇ ਵਾਅਦਿਆਂ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਕੇ ਵੀ ਨਹੀਂ ਨਿਭਾਇਆ ਹੈ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਧਿਆਨ ਸੂਬੇ ਦੇ ਅਸਲ ਮੁੱਦਿਆਂ ਤੋਂ ਪਾਸੇ ਕਰਵਾਕੇ ਇਸ ਨੂੰ ਡੋਪ ਟੈਸਟ ਦੇ ਡੱਬੇ ਵਿਚ ਬੰਦ ਕਰ ਦਿੱਤਾ ਹੈ ਅਤੇ ਹੁਣ ਕਾਂਗਰਸੀ ਅਤੇ ‘ਆਪ* ਦੇ ਆਗੂ ਸੱਚੇ—ਸੁੱਚੇ ਬਣਨ ਲਈ ਡੋਪ ਟੈਸਟ ਕਰਵਾਉਣ ਦੀ ਰਾਜਨੀਤੀ ਖੇਡਣ ਲੱਗੇ ਹਨ, ਜਿਸ ਦਾ ਪੰਜਾਬ ਦੇ ਸਿਆਸੀ ਪਿੜ ਉਪਰ ਕੋਈ ਅਸਰ ਨਹੀਂ ਹੋਵੇਗਾ।
ਬੀਬੀ ਬਾਦਲ ਨੇ ਕਿਹਾ ਕਿ 90 ਸਾਲ ਹੋਣ ਦੇ ਬਾਵਜੂਦ ਪਰਕਾਸ ਸਿੰਘ ਬਾਦਲ ਅੱਜ ਵੀ ਲੋਕਾਂ ਦੇ ਘਰਾਂ ਵਿਚ ਜਾਕੇ ਦੁੱਖ—ਸੁੱਖ ਵਿਚ ਸ਼ਾਮਲ ਹੁੰਦੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿਮਾਚਲ ਪ੍ਰਦੇਸ ਦੀਆਂ ਹਸੀਨ ਵਾਦੀਆਂ ਵਿਚੋ ਬਾਹਰ ਨਹੀ ਆ ਰਿਹਾ।
ਇਸ ਮੌਕੇ ਜਗਦੀਪ ਸਿੰਘ ਨਕੱਈ, ਗੁਰਮੇਲ ਸਿੰਘ ਫਫੜੇ, ਪ੍ਰੇਮ ਕੁਮਾਰ ਅਰੋੜਾ, ਸੁਖਵਿੰਦਰ ਸਿੰਘ ਅੋਲਖ, ਡਾ: ਨਿਸਾਨ ਸਿੰਘ, ਹਰਬੰਤ ਸਿੰਘ ਦਾਤੇਵਾਸ, ਗੁਰਪ੍ਰੀਤ ਸਿੰਘ ਝੱਬਰ, ਦਰਸਨ ਸਿੰਘ ਮੰਡੇਰ, ਬਿੱਕਰ ਸਿੰਘ ਮਘਾਣੀਆ, ਸਿਮਰਨਜੀਤ ਕੌਰ ਸਿੰਮੀ, ਬੱਲਮ ਸਿੰਘ ਕਲੀਪੁਰ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਮਾਨਸਾ ਵਿਖੇ ਮੰਚ ਤੋਂ ਸੰਬੋਧਨ ਕਰਦੇ ਹੋਏ। ਫੋਟੋ: ਵਿਸ਼ਵ ਵਾਰਤਾ