ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚ ਸਿਵਲ ਲਾਈਨਜ਼ ਅਤੇ ਵਜੀਦ ਪੁਰ ਦੇ ਸਰਕਾਰੀ ਸਕੂਲ ਰਹੇ ਮੋਹਰੀ
ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਭਵਿੱਖ ਦੇ ਮੁਕਾਬਲੇ ਲਈ ਤਿਆਰ ਕਰਨਾ : ਡਾ. ਰਵਿੰਦਰਪਾਲ ਸ਼ਰਮਾ
ਪਟਿਆਲਾ, 2 ਨਵੰਬਰ(ਵਿਸ਼ਵ ਵਾਰਤਾ)-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ, ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ‘ਤੇ ਡਾ. ਰਵਿੰਦਰਪਾਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਪਟਿਆਲਾ ਦਾ ਜ਼ਿਲ੍ਹਾ ਪੱਧਰੀ ਛੇਵੀਂ ਤੋਂ ਅੱਠਵੀਂ ਤੱਕ ਅਤੇ ਨੌਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਦੀ ਸਾਇੰਸ ਪ੍ਰਦਰਸ਼ਨੀ ਦਾ ਸਰਕਾਰੀ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਲੋਨੀ ਵਿਖੇ ਸਫਲ ਆਯੋਜਨ ਕੀਤਾ ਗਿਆ। ਇਹਨਾਂ ਪ੍ਰਦਰਸ਼ਨੀਆਂ ਦਾ ਆਯੋਜਨ ਗਗਨਦੀਪ ਕੌਰ ਜ਼ਿਲ੍ਹਾ ਮੈਂਟਰ ਸਾਇੰਸ ਦੀ ਦੇਖ-ਰੇਖ ਅੰਦਰ ਹੋਇਆ। ਜ਼ਿਲ੍ਹਾ ਮੈਂਟਰ ਹਰਸਿਮਰਨਦੀਪ ਸਿੰਘ ਗਣਿਤ ਨੇ ਵੀ ਇਸ ਪ੍ਰਦਰਸ਼ਨੀ ਦੇ ਪ੍ਰਬੰਧ ਵਿੱਚ ਪੂਰਨ ਸਹਿਯੋਗ ਦਿੱਤਾ। ਇਹਨਾਂ ਪ੍ਰਦਰਸ਼ਨੀਆਂ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਬਲਾਕ ਪੱਧਰ ਤੋਂ ਪਹਿਲੀਆਂ ਪੁਜ਼ੀਸ਼ਨਾਂ ‘ਤੇ ਜਿੱਤਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਲ੍ਹੇ ਪੱਧਰ ‘ਤੇ ਜਿੱਤਣ ਵਾਲੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਨੂੰ ਸਰਕਾਰ ਦੁਆਰਾ ਭੇਜੇ ਨਗਦ ਇਨਾਮ ਦਿੱਤੇ ਗਏ।
ਡਾ. ਰਵਿੰਦਰਪਾਲ ਸ਼ਰਮਾ ਡਿਪਟੀ ਡੀ.ਈ.ਓ ਸੈਕੰਡਰੀ ਸਿੱਖਿਆ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਅਤੇ ਕੁੱਝ ਨਵਾਂ ਬਣਾ ਕੇ ਸਿੱਖਣਾ, ਅਸਲ ਵਿੱਚ ਵਿਦਿਆਰਥੀਆਂ ਨੂੰ ਭਵਿੱਖ ਦੇ ਮੁਕਾਬਲੇ ਲਈ ਤਿਆਰ ਕਰਨਾ ਹੈ। ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਨੇ ਅਧਿਆਪਕਾਂ ਅਤੇ ਬੱਚਿਆਂ ਨੂੰ ਸਕੂਲ ਵਿੱਚ ਆਉਣ ‘ਤੇ ਜੀ ਆਇਆਂ ਆਖਿਆ ਅਤੇ ਕਿਹਾ ਕਿ ਵਿਦਿਆਰਥੀਆਂ ਦੀਆਂ ਇਹੋ ਜਿਹੀ ਪ੍ਰਦਰਸ਼ਨੀਆਂ ਉਹਨਾਂ ਦੇ ਹੁਨਰ ਨੂੰ ਹੋਰ ਨਿਖਾਰਦੀਆਂ ਹਨ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਸ.ਸ.ਸ.ਸ ਸਿਵਲ ਲਾਈਨਜ਼ (ਹਾਈ ਵਿੰਗ) ਬਲਾਕ ਪਟਿਆਲਾ-2 ਦੇ ਵਿਦਿਆਰਥੀ ਸਮੀਕਸ਼ਾ ਅਤੇ ਸ.ਸ.ਸ.ਸ ਵਜੀਦਪੁਰ (ਮਿਡਲ ਵਿੰਗ) ਦੇ ਮੋਹਿਤ ਗਰਗ ਬਲਾਕ ਪਟਿਆਲਾ-3 ਨੇ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਡਾ. ਰਵਿੰਦਰਪਾਲ ਸ਼ਰਮਾ ਡਿਪਟੀ ਡੀ.ਈ.ਓ ਸੈਕੰਡਰੀ ਅਤੇ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਮੁਬਾਰਕਾਂ ਦਿੱਤੀਆਂ।
ਇਸ ਤੋਂ ਬਾਅਦ ਸਟੇਟ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ 3 ਨਵੰਬਰ ਨੂੰ ਲੁਧਿਆਣਾ ਵਿਖੇ ਹੈ। ਇਸ ਸਾਇੰਸ ਪ੍ਰਦਰਸ਼ਨੀ ਵਿੱਚ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਵਾਲ਼ੇ ਵਿਦਿਆਰਥੀਆਂ ਨੇ ਭਾਗ ਲੈਣਾ ਹੈ। ਇਸ ਪ੍ਰਦਰਸ਼ਨੀ ਵਿੱਚ ਸਾਇੰਸ ਬੀ.ਐਮਜ, ਗਾਇਡ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੇ ਮਿਲ਼ ਕੇ ਕਾਮਯਾਬ ਕੀਤਾ। ਇਸ ਮੌਕੇ ਮੇਜਰ ਸਿੰਘ ਅਤੇ ਅਨੂਪ ਸ਼ਰਮਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਾਇੰਸ ਪ੍ਰਦਰਸ਼ਨੀ ਵਿੱਚ ਮੌਜੂਦ ਰਹੇ।























