ਰਾਮ ਮੰਦਿਰ ਦੇ ਉਦਘਾਟਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਸੱਦਾ ਪੱਤਰ
ਅੰਮ੍ਰਿਤਸਰ, 9 ਜਨਵਰੀ (ਵਿਸ਼ਵ ਵਾਰਤਾ):- ਅਯੋਧਿਆ ਵਿਚ ਬਣ ਚੁੱਕੇ ਸ੍ਰੀ ਰਾਮ ਮੰਦਿਰ ਦੇ 22 ਜਨਵਰੀ ਨੂੰ ਉਦਘਾਟਨ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਡਾਕ ਰਾਹੀ ਸੱਦਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਪਹੰੁਚ ਚੁੱਕਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਸੂਤਰਾਂ ਨੇ ਇਹ ਸੱਦਾ ਪੱਤਰ ਮਿਲਣ ਦੀ ਪੁਸ਼ਟੀ ਵੀ ਕੀਤੀ ਹੈ। ਸ੍ਰੀ ਮੰਦਿਰ ਟਰਸਟ ਦੇ ਚੇਅਰਮੈਨ ਸ੍ਰੀ ਚੰਪਤ ਰਾਏ ਦੇ ਦਸਤਖਤਾਂ ਹੇਠ ਭੇਜ਼ੇ ਇਸ ਸੱਦਾ ਪੱਤਰ ਵਿਚ ਬਾਕੀ ਧਰਮਾਂ ਦੇ ਮੁਖੀਆਂ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨਾਂ ਸਮਾਗਮਾਂ ਵਿਚ ਸ਼ਾਮਲ ਹੋਣ। ਉਧਰ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਜਰਨਨ ਸਕੱਤਰ ਸ੍ਰ ਰਘਬੀਰ ਸਿੰਘ ਨੇ ਜਾਣਕਾਰੀ ਦਿੰਦੇ ਦਸਿਆ ਕਿ ਅਸੀ ਰਾ਼ਸਟਰੀ ਸਿੱਖ ਸੰਗਤ ਦਾ ਇਕ ਡੈਲੀਗੇਸ਼ਨ ਲੈ ਕੇ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਨ ਜਾ ਰਹੇ ਹਾਂ ਕਿ ਸ੍ਰੀ ਰਾਮ ਮੰਦਿਰ ਦੇ 22 ਜਨਵਰੀ ਨੂੰ ਹੋਣ ਜਾ ਰਹੇ ਇਨਾ ਉਦਘਾਟਨੀ ਸਮਾਗਮਾਂ ਵਿਚ ਜ਼ਰੂਰ ਸ਼ਾਮਲ ਹੋਣ। ਸੂਤਰਾਂ ਮੁਤਾਬਿਕ ਅਗਲੇ ਕੁਝ ਦਿਨਾਂ ਵਿਚ ਜਥੇਦਾਰ ਨੂੰ ਰਸਮੀ ਸੱਦਾ ਦੇਣ ਲਈ ਰਾ਼ਸਟਰੀ ਸਿੱਖ ਸੰਗਤ ਦਾ ਇਕ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਆ ਰਿਹਾ ਹੈ।