ਰਾਜ ਸਭਾ ਲਈ ਚੁਣੇ ਗਏ ਕ੍ਰਿਕਟਰ ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ
ਚੰਡੀਗੜ੍ਹ,29 ਮਾਰਚ(ਵਿਸ਼ਵ ਵਾਰਤਾ)-ਪੰਜਾਬ ਤੋਂ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਚੁਣੇ ਗਏ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਆਲੋਚਕਾਂ ਨੂੰ ਜਵਾਬ ਦਿੱਤਾ ਗਿਆ ਹੈ। ਉਹਨਾਂ ਕਿਹਾ ਹੈ ਕਿ “ਜਿਨ੍ਹਾਂ ਨੇ ਤੁਹਾਡਾ ਸੰਘਰਸ਼ ਦੇਖਿਆ ਹੈ, ਉਹ ਤੁਹਾਡੇ ਸੰਘਰਸ਼ ਦੀ ਕੀਮਤ ਜਾਣਦੇ ਹਨ। ਨਹੀਂ ਤਾਂ ਤੁਸੀਂ ਦੂਜਿਆਂ ਲਈ ਖੁਸ਼ਕਿਸਮਤ ਹੋ“। ਦੱਸ ਦਈਏ ਕਿ ਰਾਜ ਸਭਾ ਲਈ ਨਾਮਜ਼ਦ ਹੋਣ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਅਤੇ ਉਹਨਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਨਾਲ ਹੀ ਉਹ ਜਿੱਤ ਦਾ ਸਰਟੀਫਿਕੇਟ ਲੈਣ ਲਈ ਨਾ ਆਉਣ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਵੀ ਰਹੇ। ਭੱਜੀ ਫਿਲਹਾਲ ਹੁਣੇ ਸ਼ੁਰੂ ਹੋਏ ਆਈਪੀਐਲ ਵਿੱਚ ਕੁਮੈਂਟਰੀ ਕਰ ਰਹੇ ਹਨ। ਜਿਕਰਯੋਗ ਹੈ ਕਿ ਹਰਭਜਨ ਸਿੰਘ ਨੇ ਭਾਰਤ ਲਈ 103 ਟੈਸਟ ਮੈਚ ਖੇਡੇ ਹਨ। ਉਸ ਦੇ ਨਾਂ 417 ਵਿਕਟਾਂ ਦਰਜ ਹਨ। ਵਨਡੇ ‘ਚ ਉਨ੍ਹਾਂ ਨੇ 236 ਮੈਚਾਂ ‘ਚ 269 ਵਿਕਟਾਂ ਲਈਆਂ ਹਨ। ਭੱਜੀ ਨੇ ਟੀ-20 ‘ਚ ਭਾਰਤ ਲਈ 28 ਮੈਚ ਖੇਡੇ ਹਨ। ਇਸ ‘ਚ ਉਨ੍ਹਾਂ ਨੇ 25 ਵਿਕਟਾਂ ਲਈਆਂ ਹਨ। ਹਰਭਜਨ ਨੇ ਆਪਣਾ ਪਹਿਲਾ ਟੈਸਟ 1998 ‘ਚ ਆਸਟ੍ਰੇਲੀਆ ਖਿਲਾਫ ਅਤੇ ਆਖਰੀ ਟੈਸਟ 2015 ‘ਚ ਸ਼੍ਰੀਲੰਕਾ ਖਿਲਾਫ ਖੇਡਿਆ ਗਿਆ ਸੀ। ਇਸ ਦੇ ਨਾਲ ਹੀ ਭੱਜੀ ਨੇ ਆਪਣਾ ਪਹਿਲਾ ਵਨਡੇ ਮੈਚ 1998 ‘ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਉਨ੍ਹਾਂ ਦਾ ਆਖਰੀ ਵਨਡੇ ਮੈਚ 2015 ‘ਚ ਦੱਖਣੀ ਅਫਰੀਕਾ ਖਿਲਾਫ ਸੀ।






















