ਪੰਪਿੰਗ ਸਟੇਸ਼ਨ ਰਾਹੀਂ ਚੰਡੀਗੜ੍ਹ ਤੇ ਮੋਹਾਲੀ ਨੂੰ ਹੋਵੇਗਾ ਪੀਣ ਵਾਲਾ ਸਪਲਾਈ
30 ਅਪਰੈਲ ਤੱਕ ਪੰਪਿੰਗ ਸਟੇਸ਼ਨ ਦਾ ਕੰਮ ਹੋਵੇਗਾ ਮੁਕੰਮਲ
ਐੱਸ.ਏ.ਐੱਸ. ਨਗਰ, 19 ਫਰਵਰੀ
ਰਾਜਪਾਲ ਪੰਜਾਬ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਪਿੰਡ ਸੀਂਹਪੁਰ ਵਿਖੇ ਚੰਡੀਗੜ੍ਹ ਨਗਰ ਨਿਗਮ ਵੱਲੋਂ ਬਣਾਏ ਜਾ ਰਹੇ ਪੰਪਿੰਗ ਸਟੇਸ਼ਨ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਚੰਡੀਗੜ੍ਹ ਨਗਰ ਨਿਗਮ ਅਤੇ ਗਮਾਡਾ ਦੇ ਅਧਿਕਾਰੀਆਂ ਤੋਂ ਇਸ ਸਟੇਸ਼ਨ ਨਾਲ ਸਬੰਧਤ ਪਾਈਪ ਲਾਈਨ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਚੰਡੀਗੜ੍ਹ ਨਗਰ ਨਿਗਮ ਦੇ ਚੀਫ ਇੰਜੀਨੀਅਰ ਨੇ ਦੱਸਿਆ ਕਿ ਇਹ ਪੰਪਿੰਗ ਸਟੇਸ਼ਨ 30 ਅਪਰੈਲ ਤੱਕ ਪੂਰਾ ਹੋ ਜਾਵੇਗਾ। ਸ੍ਰੀ ਬਦਨੌਰ ਨੇ ਅਧਿਕਾਰੀਆਂ ਤੋਂ ਇਸ ਪ੍ਰਾਜੈਕਟ ਸਬੰਧੀ ਹੋਰਨਾਂ ਲੋੜਾਂ ਬਾਰੇ ਵੀ ਜਾਣਕਾਰੀ ਲਈ।
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਕਜੌਲੀ ਤੋਂ ਭਾਖੜਾ ਮੇਨ ਲਾਈਨ (ਬੀ.ਐਮ.ਐਲ) ਦਾ 120 ਐਮ.ਜੀ.ਡੀ ਪਾਣੀ ਚੰਡੀਗੜ੍ਹ ਅਤੇ ਐੱਸ.ਏ.ਐਸ. ਨਗਰ ਨੂੰ ਦੇਣ ਲਈ ਸਕੀਮ ਤਿਆਰ ਕੀਤੀ ਗਈ ਸੀ, ਜਿਸ ਤਹਿਤ ਪਹਿਲੇ 04 ਫੇਜ਼ਾਂ ਦੀਆਂ ਲਾਈਨਾਂ ਪਾ ਕੇ 80 ਐਮ.ਜੀ.ਡੀ ਪਾਣੀ ਕਜੌਲੀ ਤੋਂ ਲਿਆਂਦਾ ਜਾ ਰਿਹਾ ਹੈ। ਇਸ ਸਕੀਮ ਦੇ ਪੰਜਵੇਂ ਅਤੇ ਛੇਵੇਂ ਫੇਜ਼ ਤਹਿਤ 40 ਐਮ.ਜੀ.ਡੀ ਪਾਣੀ ਹੋਰ ਲਿਆਂਦਾ ਜਾਣਾ ਹੈ, ਜਿਸ ਵਿਚੋਂ ਇਸ ਪੰਪਗਿੰਗ ਸਟੇਸ਼ਨ ਜ਼ਰੀਏ ਚੰਡੀਗੜ੍ਹ ਅਤੇ ਐਸ.ਏ.ਐਸ. ਨਗਰ ਨੂੰ ਪਾਣੀ ਦਿੱਤਾ ਜਾਣਾ ਹੈ। ਇਸ ਪੰਪਿੰਗ ਸਟੇਸ਼ਨ ਲਈ ਗਮਾਡਾ ਨੇ 02 ਏਕੜ ਜ਼ਮੀਨ ਚੰਡੀਗੜ੍ਹ ਨਗਰ ਨਿਗਮ ਨੂੰ ਦਿੱਤੀ ਹੈ ਅਤੇ ਪਾਈਪ ਲਾਈਨ ਵੀ ਪਾ ਦਿੱਤੀ ਗਈ ਹੈ। ਇਸ ਪ੍ਰਾਜੈਕਟ ਦੀ ਪਾਈਪ ਲਾਈਨ ਦੋ ਥਾਵਾਂ ਤੋਂ ਰੇਲਵੇ ਲਾਈਨ ਥੱਲਿਓਂ ਲੰਘਦੀ ਹੈ ਤੇ ਇਹਨਾਂ ਥਾਵਾਂ ‘ਤੇ ਪਾਈਪ ਲਾਈਨ ਰੇਲਵੇ ਵੱਲੋਂ ਪਾਈ ਗਈ ਹੈ।
ਪੰਜਾਬ ਦੇ ਰਾਜਪਾਲ ਸ੍ਰੀ ਬਦਨੌਰ ਨੇ ਇਨ੍ਹਾਂ ਦੋਵਾਂ ਥਾਵਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਚੰਡੀਗੜ੍ਹ ਦੇ ਮੇਅਰ ਦਿਵੇਸ਼ ਮੋਦਗਿੱਲ, ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਪਰੀਮਲ ਰਾਏ, ਵਿੱਤ ਸਕੱਤਰ ਚੰਡੀਗੜ੍ਹ ਸ੍ਰੀ ਏ. ਕੇ. ਸਿਨਹਾ, ਗਮਾਡਾ ਦੇ ਏ.ਸੀ.ਏ. ਸ੍ਰੀ ਰਾਜੇਸ਼ ਧੀਮਾਨ, ਨਗਰ ਨਿਗਮ ਚੰਡੀਗੜ੍ਹ ਦੇ ਚੀਫ ਇੰਜੀਨੀਅਰ ਸ੍ਰੀ ਮਨੋਜ ਬਾਂਸਲ, ਐਸ.ਸੀ. ਗਮਾਡਾ ਦਵਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ।
ਫੋਟੋ ਕੈਪਸ਼ਨ: ਰਾਜਪਾਲ ਪੰਜਾਬ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਪਿੰਡ ਸੀਂਹਪੁਰ ਵਿਖੇ ਬਣਾਏ ਜਾ ਰਹੇ ਪੰਪਿੰਗ ਸਟੇਸ਼ਨ ਦਾ ਜਾਇਜ਼ਾ ਲੈਂਦੇ ਹੋਏ।
ਰਾਜਪਾਲ ਪੰਜਾਬ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਪਿੰਡ ਸੀਂਹਪੁਰ ਵਿਖੇ ਬਣਾਏ ਜਾ ਰਹੇ ਪੰਪਿੰਗ ਸਟੇਸ਼ਨ ਵਿਖੇ ਪ੍ਰਾਜੈਕਟ ਦਾ ਪਲਾਨ ਦੇਖਦੇ ਹੋਏ।