ਰਜਿੰਦਰਾ ਹਸਪਤਾਲ ਦੀ ਇੱਕ ਹੋਰ ਸਫ਼ਲ ਉਪਲਬੱਧੀ
-ਈ.ਐਨ.ਟੀ. ਡਾਕਟਰਾਂ ਦੀ ਟੀਮ ਨੇ ਖੋਪੜੀ ‘ਚ ਫਸੇ ਵੱਡੇ ਟਿਊਮਰ ਨੂੰ ਸਫ਼ਲਤਾਪੂਰਵਕ ਕੱਢਿਆ
-ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਡਾਕਟਰਾਂ ਦੀ ਪ੍ਰਸ਼ੰਸਾ, ਕਿਹਾ, ਪੰਜਾਬ ਸਰਕਾਰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ
ਪਟਿਆਲਾ, 29 ਮਈ (ਵਿਸ਼ਵ ਵਾਰਤਾ):- ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਸਿਹਤ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਇੱਥੇ ਦੇ ਨੱਕ, ਕੰਨ ਤੇ ਗਲਾ ਵਿਭਾਗ ਦੇ ਮੁਖੀ ਪ੍ਰੋ. ਡਾ. ਸੰਜੀਵ ਭਗਤ ਦੀ ਅਗਵਾਈ ਹੇਠਲੀ ਟੀਮ, ਜਿਸ ਵਿੱਚ ਸਹਾਇਕ ਪ੍ਰੋਫੈਸਰ ਡਾ. ਵਿਸ਼ਵ ਯਾਦਵ ਸ਼ਾਮਲ ਹਨ, ਨੇ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਹੋਏ ਇੱਕ 63 ਸਾਲ ਦੇ ਮਰਦ ਮਰੀਜ਼ ਦੀ ਖੋਪੜੀ ਵਿੱਚ ਫਸੇ 9 ਗੁਣਾ 9 ਸੈਂਟੀਮੀਟਰ ਸਕੱਲ ਬੇਸ ਟਿਊਮਰ ਦੀ ਗੁੰਝ ਲਦਾਰ ਪਰੰਤੂ ਸਫ਼ਲਤਾ ਪੂਰਵਕ ਸਰਜਰੀ ਕੀਤੀ ਹੈ। ਇਸ ਟੀਮ ਵਿੱਚ ਸ਼ਾਮਲ ਪ੍ਰੋਫੈਸਰ ਪ੍ਰਮੋਦ ਕੁਮਾਰ (ਮੁਖੀ) ਅਤੇ ਡਾ. ਗੁਰਜੀਤ ਗਾਂਧੀ ਨੇ ਮਰੀਜ ਨੂੰ ਐਨਸਥੀਸੀਆ ਦਿੱਤਾ।
ਡਾ. ਸੰਜੀਵ ਭਗਤ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ ਦੀ ਖੋਪੜੀ ਨੇੜੇ ਫਸਿਆ ਇਹ ਟਿਊਮਰ ਬਹੁਤ ਵੱਡਾ ਸੀ, ਜੋ ਕਿ ਖੋਪੜੀ ਦੇ ਅਧਾਰ ਦੇ ਹੇਠਾਂ ਚਿਹਰੇ ਦੇ ਖੱਬੇ ਪਾਸੇ ਨੂੰ ਫੈਲ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਇਸ ਅਤਿਅੰਤ ਗੁੰਝਲਦਾਰ ਸਰਜਰੀ ਨੂੰ ਪੂਰਾ ਕਰਨ ਵਿੱਚ 4 ਘੰਟੇ ਲੱਗੇ, ਹੁਣ ਮਰੀਜ਼ ਠੀਕ ਹੋ ਰਿਹਾ ਹੈ ਅਤੇ 2 ਦਿਨਾਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਜਾਵੇਗੀ ਅਤੇ ਉਮੀਦ ਹੈ ਕਿ ਉਹ ਹੋਰ 10 ਦਿਨਾਂ ਵਿੱਚ ਆਪਣਾ ਰੋਜ਼ਾਨਾ ਕੰਮ ਕਰਨ ਦੀ ਰੁਟੀਨ ਮੁੜ ਸ਼ੁਰੂ ਕਰ ਦੇਵੇਗਾ।
ਈ.ਐਨ.ਟੀ. ਵਿਭਾਗ ਦੀ ਇਸ ਸਫ਼ਲਤਾ ‘ਤੇ ਵਧਾਈ ਦਿੰਦਿਆਂ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿੱਥੇ ਸੂਬੇ ਵਿੱਚ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਉਥੇ ਹੀ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਵੀ ਹੋਰ ਵੱਡੇ ਸੁਧਾਰ ਕੀਤੇ ਜਾਣਗੇ।
ਇਸੇ ਦੌਰਾਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ ਨੇ ਕਿਹਾ, ‘ਰਜਿੰਦਰਾ ਹਸਪਤਾਲ ਦਾ ਈਐਨਟੀ ਵਿਭਾਗ ਹੁਣ ਸਕੱਲ ਬੇਸ ਅਤੇ ਮੂੰਹ ਅਤੇ ਗਲੇ ਦੇ ਕੈਂਸਰ ਦੀਆਂ ਅਜਿਹੀਆਂ ਗੁੰਝਲਦਾਰ ਸਰਜਰੀਆਂ ਵੀ ਕਰ ਰਿਹਾ ਹੈ ਅਤੇ ਹੁਣ ਪੰਜਾਬ ਭਰ ਦੇ ਮਰੀਜ਼ ਈ.ਐਨ.ਟੀ. ਦੀਆਂ ਹਰ ਤਰ੍ਹਾਂ ਦੀਆਂ ਐਡਵਾਂਸ ਸਰਜਰੀਆਂ ਲਈ ਰਾਜਿੰਦਰਾ ਹਸਪਤਾਲ ਵਿੱਚ ਆ ਰਹੇ ਹਨ।
ਜਦੋਂਕਿ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਇਸ ਕਾਮਯਾਬ ਮੁਸ਼ਕਿਲ ਆਪਰੇਸ਼ਨ ਲਈ ਟੀਮ, ਪ੍ਰੋ. ਭਗਤ ਅਤੇ ਡਾ. ਯਾਦਵ ਨੂੰ ਵਧਾਈ ਦਿੰਦਿਆਂ ਕਿਹਾ, ਈਐਨਟੀ ਵਿਭਾਗ ਨੂੰ ਏਮਜ਼ ਅਤੇ ਪੀਜੀਆਈ ਦੇ ਪੱਧਰ ਤੱਕ ਅਪਗ੍ਰੇਡ ਕਰਨ ਲਈ ਉੱਨਤ ਉਪਕਰਨਾਂ ਦੀ ਖਰੀਦ ਦੀ ਪ੍ਰਕਿਰਿਆ ਚੱਲ ਰਹੀ ਹੈ।
ਜਿਕਰਯੋਗ ਹੈ ਕਿ ਪਹਿਲਾਂ ਅਜਿਹੇ ਮਰੀਜ਼ਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਜਾਣਾ ਪੈਂਦਾ ਸੀ, ਜਦਕਿ ਪ੍ਰਾਈਵੇਟ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਸਰਜਰੀ ਲਈ ਕਰੀਬ ਡੇਢ ਲੱਖ ਰੁਪਏ ਖਰਚ ਆਉਂਦਾ ਹੈ। ਰਾਜਿੰਦਰਾ ਹਸਪਤਾਲ ਵਿੱਚ ਇਸ ਮਰੀਜ਼ ਨੂੰ 15,000 ਰੁਪਏ ਤੋਂ ਵੀ ਘੱਟ ਖਰਚਾ ਆਇਆ ਹੈ। ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਮਰੀਜ਼ਾਂ ਲਈ, ਇਹ ਸਰਜਰੀ ਮੁਫ਼ਤ ਕੀਤੀ ਜਾਂਦੀ ਹੈ। ਵਰਨਣਯੋਗ ਹੈ ਕਿ ਈ.ਐਨ.ਟੀ. ਮਾਹਿਰਾਂ, ਡਾ. ਸੰਜੀਵ ਭਗਤ ਅਤੇ ਡਾ. ਵਿਸ਼ਵ ਯਾਦਵ ਦੀ ਟੀਮ ਹਰ ਤਰ੍ਹਾਂ ਦੀਆਂ ਗੁੰਝਲਦਾਰ ਈ.ਐਨ.ਟੀ. ਅਤੇ ਸਕਲ ਬੇਸ ਸਰਜਰੀਆਂ ਕਰ ਰਹੇ ਹਨ, ਕਿਉਂਕਿ ਦੋਵੇਂ ਸਰਜਨਾਂ ਕੋਲ ਪੀਜੀਆਈ ਚੰਡੀਗੜ੍ਹ ਅਤੇ ਏਮਜ਼, ਨਵੀਂ ਦਿੱਲੀ ਤੋਂ ਵੱਕਾਰੀ ਸੰਸਥਾਵਾਂ ਤੋਂ ਸਿਖਲਾਈ ਦਾ ਤਜਰਬਾ ਹਾਸਲ ਹਨ।
*********