ਯੂ ਪੀ ਦੇ ਭਾਜਪਾ ਵਿਧਾਇਕ ਦੀ ਮੌਤ ਬਾਰੇ ਜੋਗਿੰਦਰ ਸਿੰਘ ਉਗਰਾਹਾਂ ਦੇ ਹਵਾਲੇ ਨਾਲ ਛਾਪੀ ਗਈ ਖ਼ਬਰ ਦਾ ਉਗਰਾਹਾਂ ਵੱਲੋਂ ਖੰਡਨ
ਚੰਡੀਗੜ੍ਹ, 9 ਸਤੰਬਰ (ਵਿਸ਼ਵ ਵਾਰਤਾ) ਬੀਤੇ ਦਿਨੀਂ ਕਨੇਡਾ ਦੇ ਇਕ ਅਖ਼ਬਾਰ ਦੇ ਪੱਤਰਕਾਰ ਵੱਲੋਂ ਯੂ ਪੀ ਵਿਧਾਨ ਸਭਾ ਦੇ ਇੱਕ ਵਿਧਾਇਕ ਦੀ ਹਾਰਟ ਅਟੈਕ ਨਾਲ ਹੋਈ ਮੌਤ ਬਾਰੇ ਖੁਸ਼ ਹੋਣ ਦਾ ਪ੍ਰਭਾਵ ਦਿੰਦੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਹਵਾਲੇ ਨਾਲ ਲਖੀਮਪੁਰ ਖੀਰੀ ਤੋਂ ਛਾਪਣ ਦਾ ਉਗਰਾਹਾਂ ਵੱਲੋਂ ਖੰਡਨ ਕੀਤਾ ਗਿਆ ਹੈ। ਇੱਥੇ ਜਾਰੀ ਕੀਤੇ ਗਏ ਲਿਖਤੀ ਪ੍ਰੈਸਨੋਟ ਰਾਹੀਂ ਉਗਰਾਹਾਂ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹੁਕਮਰਾਨ ਧਿਰ ਦੇ ਨੁਮਾਇੰਦੇ ਦੀ ਕਿਸੇ ਵੀ ਤਰ੍ਹਾਂ ਨਾਲ ਹੋਈ ਮੌਤ ਉੱਪਰ ਖੁਸ਼ੀ ਜ਼ਾਹਰ ਕਰਨਾ ਜਥੇਬੰਦੀ ਦੀ ਨੀਤੀ ਦਾ ਹਿੱਸਾ ਨਹੀਂ ਹੈ। ਰਿਪੋਰਟਰ ਨੇ ਖ਼ਬਰ ਲਿਖਣ ਤੋਂ ਪਹਿਲਾਂ ਜਾਂ ਮਗਰੋਂ ਉਨ੍ਹਾਂ ਨਾਲ ਜ਼ਬਾਨੀ ਜਾਂ ਲਿਖਤੀ ਅਜਿਹੀ ਜਾਣਕਾਰੀ ਸਾਂਝੀ ਕਰਨ ਦੀ ਲੋੜ ਨਹੀਂ ਸਮਝੀ। ਜਥੇਬੰਦੀ ਦੀ ਜੱਦੋਜਹਿਦ ਕਿਸੇ ਵੀ ਹੁਕਮਰਾਨ ਧਿਰ ਦੇ ਕਿਸੇ ਵਿਅਕਤੀ ਵਿਰੁੱਧ ਜ਼ਾਤੀ ਲੜਾਈ ਨਹੀਂ ਹੈ ਕਿ ਉਸਦੀ ਮੌਤ ਉਤੇ ਖੁਸ਼ੀ ਜ਼ਾਹਰ ਕੀਤੀ ਜਾਵੇ। ਸਗੋਂ ਇਹ ਲੜਾਈ ਤਾਂ ਹੁਕਮਰਾਨਾਂ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਸਾਮਰਾਜੀ ਕਾਰਪੋਰੇਟਾਂ ਪੱਖੀ ਵਿਚਾਰਾਂ ਨੂੰ ਮਾਤ ਦੇਣ ਦੀ ਲੜਾਈ ਹੈ। ਇਹ ਭਾਜਪਾ ਵਿਧਾਇਕ ਤਾਂ ਅਜਿਹੇ ਹੁਕਮਰਾਨਾਂ ਦਾ ਇੱਕ ਮਾਮੂਲੀ ਕਾਰਕੁਨ ਹੀ ਸੀ। ਉਨ੍ਹਾਂ ਪੱਤਰਕਾਰ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਅੱਗੇ ਤੋਂ ਅਜਿਹੀ ਖਬਰ ਛਾਪਣ ਵੇਲੇ ਸੰਬੰਧਿਤ ਵਿਅਕਤੀ ਦੀ ਸਹਿਮਤੀ ਜ਼ਰੂਰ ਹਾਸਲ ਕਰ ਲਈ ਜਾਵੇ।