ਯੂਕੋ ਬੈਂਕ ਡਕੈਤੀ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ
ਸਰਪੰਚ ਸਮੇਤ ਚਾਰ ਨੂੰ ਕੀਤਾ ਕਾਬੂ
ਪੜ੍ਹੋ, ਕਿਵੇਂ ਤੇ ਕਿੱਥੋਂ ਹੋਈ ਗ੍ਰਿਫਤਾਰੀ
ਚੰਡੀਗੜ੍ਹ, 30ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਦਿਨ ਦਿਹਾੜੇ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਹਨਾਂ ਵਿੱਚ ਇਕ ਮੌਜੂਦਾ ਸਰਪੰਚ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤਿੰਨ ਹੋਰਨਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਸਰਪੰਚ ਦੇ ਸਿਆਸੀ ਆਗੂਆਂ ਨਾਲ ਵੀ ਕਰੀਬੀ ਸੰਬੰਧ ਦੱਸੇ ਜਾ ਰਹੇ ਹਨ। ਜਾਣਕਾਰੀ ਲਈ ਦੱਸ ਦੱਈਏ ਕਿ ਇਹ ਘਟਨਾ ਸੋਮਵਾਰ ਸ਼ਾਮ 4 ਵਜੇ ਥਾਣਾ ਘਨੌਰ ਨੇੜੇ ਯੂਕੋ ਬੈਂਕ ਕੋਲ ਵਾਪਰੀ ਸੀ। ਮੁਲਜ਼ਮਾਂ ਨੇ 15 ਮਿੰਟਾਂ ਵਿੱਚ ਬੈਂਕ ਵਿੱਚੋਂ 17 ਲੱਖ ਰੁਪਏ ਲੁੱਟ ਲਏ ਸਨ। ਲੁਟੇਰੇ ਪੈਸੇ ਲੁੱਟ ਕੇ ਬੁਲਟ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ ਸਨ। ਮੁਲਜ਼ਮਾਂ ਨੇ ਘਨੌਰ ਤੋਂ ਇੱਕ ਕਿਲੋਮੀਟਰ ਦੂਰ ਮੈਰਿਜ ਪੈਲੇਸ ਦੇ ਬਾਹਰ ਮੋਟਰਸਾਇਕਲ ਛੱਡਣ ਤੋਂ ਬਾਅਦ ਤਿੰਨੋਂ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਰੂਪਨਗਰ ਪੁੱਜੇ। ਮੁਲਜ਼ਮ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਦੀ ਮੋਟਰ ਤੇ ਛੁਪਾ ਕੇ ਪੈਸੇ ਵੰਡ ਰਿਹਾ ਸਨ। ਇਸ ਦੌਰਾਨ ਪੁਲੀਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਾਂਗਰਸੀ ਸਰਪੰਚ ਅਮਨਦੀਪ ਸਿੰਘ ਵਾਸੀ ਪਿੰਡ ਹਾਫਿਜ਼ਾਬਾਦ, ਥਾਣਾ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ, ਦਿਲਪ੍ਰੀਤ ਸਿੰਘ ਉਰਫ਼ ਭਾਨਾ ਵਾਸੀ ਪਿੰਡ ਬਾਲਸੰਡਾ, ਥਾਣਾ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ ਅਤੇ ਪ੍ਰਭਦਿਆਲ ਸਿੰਘ ਨਿੱਕੂ,ਨਰਿੰਦਰ ਸਿੰਘ ਵਾਸੀ ਪਿੰਡ ਬਲਰਾਮਪੁਰ, ਥਾਣਾ ਚਮਕੌਰ ਸਾਹਿਬ, ਰੂਪਨਗਰ ਵਜੋਂ ਹੋਈ ਹੈ।
ਯੂਕੋ ਬੈਂਕ ਡਕੈਤੀ ਦਾ ਮੁੱਖ ਮਾਸਟਰਮਾਈਂਡ ਅਮਨਦੀਪ ਹੈ, ਜੋ ਹਾਫਿਜ਼ਾਬਾਦ ਪਿੰਡ ਦਾ ਮੌਜੂਦਾ ਸਰਪੰਚ ਹੈ। ਉਸ ਨੇ ਘਨੌਰ ਦੇ ਯੂਕੋ ਬੈਂਕ ਦੀ ਰੇਕੀ ਕੀਤੀ, ਜਿਸ ਤੋਂ ਬਾਅਦ ਆਪਣੇ ਤਿੰਨ ਹੋਰ ਸਾਥੀਆਂ ਨਾਲ ਸੋਮਵਾਰ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ।























