ਯੂਕਰੇਨ ਵਿਚ ਫਸੇ 21 ਵਿਦਿਆਰਥੀਆਂ ਬਾਰੇ ਕੰਟਰੋਲ ਰੂਮ ਉੱਪਰ ਜਾਣਕਾਰੀ ਮਿਲੀ- ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵਲੋਂ ਵਿਦਿਆਰਥੀਅਾਂ ਨੂੰ ਬਿਨ੍ਹਾਂ ਦੱਸੇ ਆਪਣਾ ਸਥਾਨ ਨਾ ਬਦਲਣ ਦੀ ਅਪੀਲ
ਗ੍ਰਹਿ ਵਿਭਾਗ ਰਾਹੀਂ ਲਗਾਤਾਰ ਕੇਂਦਰ ਸਰਕਾਰ ਨਾਲ ਸੰਪਰਕ ਵਿਚ ਹੈ ਜਿਲ੍ਹਾ ਪ੍ਰਸ਼ਾਸ਼ਨ
ਕਪੂਰਥਲਾ, 26 ਫਰਵਰੀ (ਵਿਸ਼ਵ ਵਾਰਤਾ) ਜਿਲ੍ਹਾ ਪ੍ਰਸ਼ਾਸ਼ਨ ਵਲੋਂ ਯੂਕਰੇਨ ਵਿਚ ਫਸੇ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਵਿਅਕਤੀਅਾਂ ਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੀ ਸਹਾਇਤਾ ਲਈ ਸਥਾਪਿਤ ਕੀਤੇ ਹੈਲਪ ਡੈਸਕਾਂ ਰਾਹੀਂ ਉੱਥੇ ਫਸੇ 21 ਵਿਅਕਤੀਆਂ ਬਾਰੇ ਜਾਣਕਾਰੀ ਮਿਲੀ ਹੈ।
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸ਼ਿਆ ਕਿ ਬੀਤੇ ਕੱਲ੍ਹ ਤੋਂ ਜਿਲ੍ਹਾ ਪੱਧਰੀ ਕੰਟਰੋਲ ਰੂਮ 01822-292001 ਤੋਂ ਇਲਾਵਾ ਫਗਵਾੜਾ ਦੇ ਕੰਟਰੋਲ ਰੂਮ ਨੰਬਰ 01824-260201, ਸੁਲਤਾਨਪੁਰ ਲੋਧੀ ਦੇ 01828-222525, ਭੁਲੱਥ ਦੇ 01822-244202 ਹੈਲਪਲਾਇਨ ਉੱਪਰ ਪ੍ਰਾਪਤ ਜਾਣਕਾਰੀ ਰਾਹੀਂ 21 ਵਿਦਿਆਰਥੀਆਂ ਦਾ ਡਾਟਾ ਇਕੱਤਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸ਼ਿਆ ਕਿ ਪੰਜਾਬ ਦੇ ਮੁੱਖ ਸਕੱਤਰ ਨਾਲ ਹੋਈ ਮੀਟਿੰਗ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਨੂੰ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨਾਲ ਤੁਰੰਤ ਸਾਂਝਾ ਕੀਤਾ ਗਿਆ ਹੈ ਤਾਂ ਜੋ ਉੱਥੇ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾ ਸਕੇ।
ਉਨ੍ਹਾਂ ਉੱਥੇ ਫਸੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ, ਜਿਸ ਕਰਕੇ ਉਥੇ ਫਸੇ ਵਿਦਿਆਰਥੀ ਭਾਰਤੀ ਹਾਈ ਕਮਿਸ਼ਨਰ ਦੇ ਅਧਿਕਾਰੀਆਂ ਨਾਲ ਰਾਬਤੇ ਤੋਂ ਬਿਨ੍ਹਾਂ ਆਪਣਾ ਵਰਤਮਾਨ ਸਥਾਨ ਨਾ ਬਦਲਣ। ਉਨ੍ਹਾਂ ਕਿਹਾ ਕਿ ਵਿਦਿਆਰਥੀ ਯੂਕਰੇਨ ਦੇ ਨੇੜਲੇ ਦੇਸ਼ਾਂ ਦੀਆਂ ਸਰਹੱਦਾਂ ਵੱਲ ਭਾਰਤੀ ਹਾਈਕਮਿਸ਼ਨ ਨਾਲ ਤਾਲਮੇਲ ਤੋਂ ਬਿਨ੍ਹਾਂ ਨਾ ਜਾਣ।
ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਜਾਣਕਾਰੀ ਲਈ ਪੰਜਾਬ ਸਰਕਾਰ ਵਲੋਂ 24 ਘੰਟੇ ਕੰਮ ਕਰਨ ਵਾਲੇ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਨੰਬਰ 1100 ( ਪੰਜਾਬ ਵਾਸਤੇ) ਅਤੇ 91-172-4111905 (ਵਿਦੇਸ਼ ਵਾਸਤੇ) ਉੱਪਰ ਸੰਪਰਕ ਵੀ ਕਰ ਸਕਦੇ ਹਨ।
ਕੈਪਸ਼ਨ- ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਦੀ ਤਸਵੀਰ।























