ਯੂਕਰੇਨ ਦੀ ਰਾਜਧਾਨੀ ਨੂੰ 40 ਮੀਲ ਲੰਮੇ ਰੂਸੀ ਫੌਜ ਦੇ ਕਾਫਲੇ ਨੇ ਪਾਇਆ ਘੇਰਾ
ਸੈਟੇਲਾਈਟ ਤਸਵੀਰਾਂ ਆਈਆਂ ਸਾਹਮਣੇ,ਕਿਸੇ ਵੀ ਵੇਲੇ ਹੋ ਸਕਦੀ ਹੈ ਵੱਡੀ ਕਾਰਵਾਈ
ਚੰਡੀਗੜ੍ਹ,1 ਮਾਰਚ(ਵਿਸ਼ਵ ਵਾਰਤਾ)- ਯੂਕਰੇਨ ਦੀ ਰਾਜਧਾਨੀ ਕੀਵ ਦੀਆਂ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਤਸਵੀਰਾਂ ਵਿੱਚ ਰਾਜਧਾਨੀ ਕੀਵ ਦੇ ਉੱਤਰ-ਪੱਛਮ ਵਿੱਚ ਰੂਸੀ ਫੌਜ ਦੇ ਕਾਫਲੇ ਨੂੰ ਦੇਖਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਫੌਜ ਦਾ ਇਹ ਕਾਫਲਾ ਲਗਭਗ 40 ਮੀਲ ਯਾਨੀ ਕਿ 60 ਕਿਲੋਮੀਟਰ ਲੰਮਾ ਹੈ। ਤਸਵੀਰ ਜਾਰੀ ਕਰਨ ਵਾਲੀ ਅਮਰੀਕਨ ਕੰਪਨੀ ਮੈਕਸਰ ਦਾ ਕਹਿਣਾ ਹੈ ਕਿ ਇਹ ਕਾਫਲਾ ਬਖਤਰਬੰਦ ਵਾਹਨਾਂ, ਟੈਂਕਾਂ, ਤੋਪਾਂ ਵਾਲੇ ਤੋਪਖਾਨੇ ਅਤੇ ਹੋਰ ਵਾਹਨਾਂ ਦਾ ਬਣਿਆ ਹੈ। ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਨਾਲ ਇਹ ਸਮਝਿਆ ਜਾ ਰਿਹਾ ਹੈ ਕਿ ਰੂਸ ਛੇਤੀ ਹੀ ਕੋਈ ਵੱਡੀ ਕਾਰਵਾਈ ਕਰ ਸਕਦਾ ਹੈ।
























