ਯਮਨ ‘ਚ ਚੈਰਿਟੀ ਸਮਾਗਮ ਵਿੱਚ ਮਚੀ ਭਗਦੜ, 85 ਦੀ ਮੌਤ
ਚੰਡੀਗੜ੍ਹ,20ਅਪ੍ਰੈਲ(ਵਿਸ਼ਵ ਵਾਰਤਾ)-ਯਮਨ ਦੀ ਰਾਜਧਾਨੀ ਸਨਾ ‘ਚ ਰਮਜ਼ਾਨ ਮਹੀਨੇ ਦੇ ਆਖਰੀ ਦਿਨ ਜ਼ਕਾਤ ਯਾਨੀ ਆਰਥਿਕ ਸਹਾਇਤਾ ਵੰਡਣ ਦੇ ਪ੍ਰੋਗਰਾਮ ‘ਚ ਮਚੀ ਭਗਦੜ ਕਾਰਨ 85 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। 322 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ‘ਚੋਂ 13 ਦੀ ਹਾਲਤ ਗੰਭੀਰ ਬਣੀ ਹੋਈ ਹੈ। ਗ੍ਰਹਿ ਮੰਤਰਾਲੇ, ਜੋ ਕਿ ਹੂਤੀ ਬਲਾਂ ਦੇ ਨਿਯੰਤਰਣ ਵਿੱਚ ਹੈ, ਨੇ ਕਿਹਾ ਕਿ ਇਹ ਸਮਾਗਮ ਸਥਾਨਕ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਵਪਾਰੀਆਂ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਵੱਡੀ ਗਿਣਤੀ ਵਿੱਚ ਗਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ। ਹੂਤੀ ਸੈਨਿਕਾਂ ਨੇ ਭੀੜ ਨੂੰ ਕਾਬੂ ਕਰਨ ਲਈ ਹਵਾ ਵਿੱਚ ਗੋਲੀਬਾਰੀ ਕੀਤੀ, ਜਿਸ ਕਾਰਨ ਇੱਕ ਬਿਜਲੀ ਦੀ ਤਾਰ ਵਿੱਚ ਬਲਾਸਟ ਹੋ ਗਿਆ। ਇਸ ਧਮਾਕੇ ਤੋਂ ਘਬਰਾ ਕੇ ਲੋਕ ਇਧਰ-ਉਧਰ ਭੱਜਣ ਲੱਗੇ ਅਤੇ ਇਕ-ਦੂਜੇ ਨੂੰ ਕੁਚਲਣ ਲੱਗੇ। ਜਿਸ ਦੌਰਾਨ ਭਗਦੜ ਵਿੱਚ 85 ਲੋਕਾਂ ਦੀ ਮੌਤ ਹੋ ਗਈ।