ਮੰਤਰੀ ਮੰਡਲ ਵੱਲੋਂ ਅੰਮਿ੍ਰਤਸਰ, ਲੁਧਿਆਣਾ ਅਤੇ ਜਲੰਧਰ ਦੇ ਸਰਕਟ ਹਾਊਸਾਂ ਦੇ ਪੀ.ਪੀ.ਪੀ ਢੰਗ ਰਾਹੀਂ ਨਵੀਨੀਕਰਨ, ਚਲਾਉਣ ਤੇ ਸਾਂਭ ਸੰਭਾਲ ਨੂੰ ਪ੍ਰਵਾਨਗੀ
ਕਦਮ ਚੁੱਕੇ ਜਾਣ ਪਿੱਛੇ ਮਕਸਦ ਕੰਮਕਾਜ ਵਿੱਚ ਸੁਧਾਰ ਤੇ ਅਸਾਸਿਆਂ ਦਾ ਭਰਪੂਰ ਇਸਤੇਮਾਲ

ਚੰਡੀਗੜ, 26 ਅਪ੍ਰੈਲ (ਵਿਸ਼ਵ ਵਾਰਤਾ);-ਮੌਜੂਦਾ ਵਸੀਲਿਆਂ ਵਿੱਚ ਸੁਧਾਰ ਅਤੇ ਅਸਾਸਿਆਂ ਦੇ ਭਰਪੂਰ ਇਸਤੇਮਾਲ ਕਰਨ ਦੇ ਮਕਸਦ ਦੀ ਪੂਰਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਸੋਮਵਾਰ ਨੂੰ ਅੰਮਿ੍ਰਤਸਰ, ਲੁਧਿਆਣਾ ਅਤੇ ਜਲੰਧਰ ਦੇ ਸਰਕਟ ਹਾਊਸਾਂ ਦੇ ਨਿੱਜੀ-ਜਨਤਕ ਭਾਈਵਾਲੀ (ਪੀ.ਪੀ.ਪੀ.) ਰਾਹੀਂ ਨਵੀਨੀਕਰਨ, ਚਲਾਉਣ ਤੇ ਸਾਂਭ ਸੰਭਾਲ ਨੂੰ ਪ੍ਰਵਾਨਗੀ ਦੇ ਦਿੱਤੀ।
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰਨ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ) ਨੂੰ ਸੂਬੇ ਦੀ ਨੋਡਲ ਏਜੰਸੀ ਬਣਾਇਆ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਲੁਧਿਆਣਾ ਅਤੇ ਜਲੰਧਰ ਵਿਚਲੇ ਸਰਕਟ ਹਾਊਸਾਂ ਨੂੰ ਪੀ.ਪੀ.ਪੀ. ਢੰਗ ਰਾਹੀਂ ਵਿਕਸਿਤ ਕਰਨ ਪਿੱਛੋਂ ਚਲਾਉਣ ਦੀ ਯੋਜਨਾ ਹੈ ਤਾਂ ਜੋ ਇਨਾਂ ਨੂੰ ਸਰਕਟ ਹਾਊਸ-ਕਮ-ਹੋਟਲ ਵਜੋਂ ਚਲਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਪਟਿਆਲਾ, ਗੁਰਦਾਸਪੁਰ, ਚੰਡੀਗੜ ਅਤੇ ਸ਼ਿਮਲਾ ਵਿੱਚ ਸਥਿਤ 10 ਸਰਕਟ ਹਾਊਸ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਨਵੀਂ ਦਿੱਲੀ ਅਤੇ ਚੰਡੀਗੜ ਵਿਖੇ ਦੋ ਪੰਜਾਬ ਭਵਨ ਵੀ ਸਥਿਤ ਹਨ।ਇਨਾਂ ਸਰਕਟ ਹਾਊਸਾਂ ਨੂੰ ਸਰਕਾਰੀ ਕੰਮ ਲਈ ਵੱਖੋ-ਵੱਖ ਜ਼ਿਲਾ ਹੈੱਡਕੁਆਰਟਰਾਂ ਦੇ ਦੌਰੇ ‘ਤੇ ਜਾਂਦੇ ਸਰਕਾਰੀ ਅਫਸਰਾਂ/ਕਰਮਚਾਰੀਆਂ ਦੇ ਰਹਿਣ ਲਈ ਉਸਾਰਿਆ ਗਿਆ ਸੀ। ਪਰ, ਇਨਾਂ ਸਰਕਟ ਹਾਊਸਾਂ ਦੀ ਸਾਂਭ-ਸੰਭਾਲ ਅਤੇ ਸੁਵਿਧਾਵਾਂ ਵਿੱਚ ਸੁਧਾਰ ਕਰਕੇ ਵਾਰ-ਵਾਰ ਹੁੰਦੇ ਖਰਚੇ ਕਾਰਨ ਸਮਾਂ ਪਾ ਕੇ ਇਹ ਸੂਬਾ ਸਰਕਾਰ ਲਈ ਵਿੱਤੀ ਬੋਝ ਬਣ ਗਏ। ਇਸ ਤੋਂ ਇਲਾਵਾ ਸੇਵਾਵਾਂ ਦੇ ਪੱਧਰ ਵਿੱਚ ਵੀ ਕਾਫੀ ਨਿਘਾਰ ਆਇਆ ਹੈ। ਉੱਚੀਆਂ ਲਾਗਤਾਂ ਅਤੇ ਘੱਟ ਸਮਰੱਥਾ ਕਰਕੇ ਇਨਾਂ ਦੇ ਖਰਚੇ ਕਾਫੀ ਵਧ ਗਏ ਜਦੋਂ ਕਿ ਵਸੂਲੀ ਨਿਗੂਣੀ ਹੀ ਰਹੀ।






















