– ਨਵੇਂ ਬਣੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ, 24 ਅਪਰੈਲ (ਵਿਸ਼ਵ ਵਾਰਤਾ)-ਮੰਡੀਆਂ ਵਿੱਚੋਂ ਕਣਕ ਦੇ ਇਕ-ਇਕ ਦਾਣੇ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਈ ਜਾਵੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਦੀ ਵੇਚ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਹ ਗੱਲ ਨਵੇਂ ਬਣੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਥੇ ਸੈਕਟਰ 39 ਸਥਿਤ ਅਨਾਜ ਭਵਨ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਤਰਜੀਹ ਫਸਲਾਂ ਦੀ ਖਰੀਦ ਦਾ ਸੁਚੱਜਾ ਪ੍ਰਬੰਧ ਕਰਨਾ ਹੈ ਅਤੇ ਉਨ੍ਹਾਂ ਦੀ ਇਹ ਪਹਿਲ ਹੈ ਕਿ ਮੁੱਖ ਮੰਤਰੀ ਜੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਮੌਜੂਦਾ ਸਮੇਂ ਚੱਲ ਰਹੀ ਕਣਕ ਦੀ ਖਰੀਦ ਨਿਰਵਿਘਨ ਕਰਵਾਈ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਖੱਜਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਹੋ ਨਿਰਦੇਸ਼ ਦਿੱਤੇ ਕਿ ਇਹ ਬਹੁਤ ਹੀ ਅਹਿਮ ਸਮਾਂ ਹੈ ਅਤੇ ਕਣਕ ਦੀ ਖਰੀਦ ਸੀਜ਼ਨ ਹੋਣ ਕਰ ਕੇ ਵਿਭਾਗ ਦੀ ਜ਼ਿੰਮੇਵਾਰੀ ਹੋਰ ਵੀ ਵਧੀ ਹੋਈ ਹੈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਕਿਉਂਕਿ ਇਸ ਵਿਭਾਗ ਦਾ ਸਿੱਧਾ ਸਬੰਧ ਪੰਜਾਬ ਦੇ ਲੋਕਾਂ ਨਾਲ ਹੈ।
ਇਸ ਤੋਂ ਪਹਿਲਾ ਨਵੇਂ ਬਣੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦਾ ਅਨਾਜ ਭਵਨ ਪਹੁੰਚਣ ‘ਤੇ ਖੁਰਾਕ ਤੇ ਸਿਵਲ ਸਪਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ.ਈ.ਪੀ.ਸਿਨਹਾ ਅਤੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸਵਾਗਤ ਕੀਤਾ। ਸ੍ਰੀ ਆਸ਼ੂ ਨੇ ਪਹਿਲਾਂ ਤਾਂ ਵਿਭਾਗ ਦੇ ਹਾਲ ਵਿੱਚ ਸਮੂਹ ਕਰਮਚਾਰੀਆਂ ਨਾਲ ਵਿਚਾਰ ਸਾਂਝੇ ਕੀਤੇ ਇਸ ਤੋਂ ਬਾਅਦ ਮੀਟਿੰਗ ਹਾਲ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਨਵੇਂ ਬਣੇ ਮੰਤਰੀ ਨੂੰ ਵਿਭਾਗ ਦੇ ਢਾਂਚੇ ਅਤੇ ਇਸ ਦੀ ਕਾਰਜ ਪ੍ਰਣਾਲੀ ਅਤੇ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਪਨਗ੍ਰੇਨ ਦੇ ਚੇਅਰਮੈਨ ਸ੍ਰੀ ਵਾਈ.ਐਸ. ਰੱਤੜਾ, ਪਨਸਪ ਦੇ ਐਮ.ਡੀ. ਸ੍ਰੀ ਅਮਰਪਾਲ ਸਿੰਘ, ਰਾਜ ਖਪਤਕਾਰ ਸ਼ਿਕਾਇਤ ਨਿਵਾਰਣ ਕਮਿਸ਼ਨ ਦੇ ਪ੍ਰਧਾਨ ਜਸਟਿਸ (ਸੇਵਾਮੁਕਤ) ਸ੍ਰੀ ਪਰਮਜੀਤ ਸਿੰਘ ਧਾਲੀਵਾਲ ਅਤੇ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।