‘‘ਮੰਗੂ, ਦਾ ਫਾਈਟਰ” ਦਾ ਟਰੇਲਰ ਅਤੇ ਪੋਸਟਰ ਰਿਲੀਜ਼; ਪੰਜਾਬ ਆਧਾਰਿਤ ਪ੍ਰੋਡਕਸ਼ਨ ਵਾਲੀ ਪਹਿਲੀ ਅੰਗਰੇਜੀ ਫ਼ੀਚਰ ਫ਼ਿਲਮ
ਚੰਡੀਗਡ਼੍ਹ, 21 ਜਨਵਰੀ(ਵਿਸ਼ਵ ਵਾਰਤਾ)- ਫ਼ਿਲਮਾਂ ਤੋਂ ਸਿਹਤਮੰਦ ਮਨੋਰੰਜਨ ਅਤੇ ਆਨੰਦ ਹਾਸਿਲ ਕਰਨ ਵਾਲਿਆਂ ਲਈ ਇਹ ਖੁਸ਼ਖ਼ਬਰ ਹੈ ਕਿ ਕਿ ‘‘ਮੰਗੂ-ਦਾ ਫਾਈਟਰ” ਪ੍ਰਮੁੱਖ ਓਟੀਟੀ ਪਲੇਟਫ਼ਾਰਮਾਂ ਤੇ ਰਿਲੀਜ਼ ਹੋਣ ਲਈ ਪੂਰੀ ਤਰਾਂ ਤਿਆਰ ਹੈ। ਅੰਗਰੇਜੀ ਫ਼ੀਚਰ ਫ਼ਿਲਮ ਦਾ ਟਰੇਲਰ ਅਤੇ ਪੋਸਟਰ ਅੱਜ ਚੰਡੀਗਡ਼੍ਹ ਪ੍ਰੈੱਸ ਕਲੱਬ ਵਿਖੇ ਫ਼ਿਲਮ ਦੀ ਨਿਰਮਾਤਾ ਸਵਰਨਜੀਤ ਕੌਰ ਵਡ਼ੈਚ, ਲੇਖਕ ਅਤੇ ਨਿਰਦੇਸ਼ਕ ਪਰਵਿੰਦਰ ਸਿੰਘ ਵਡ਼ੈਚ ਅਤੇ ਫ਼ਿਲਮ ਦੇ ਕਲਾਕਾਰਾਂ ਵੱਲੋਂ ਪੱਤਰਕਾਰ ਸੰਮੇਲਨ ਵਿੱਚ ਰਿਲੀਜ਼ ਕੀਤਾ ਗਿਆ।
ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਅਧਾਰਿਤ ਪ੍ਰੋਡਕਸ਼ਨ ਹਾਊਸ ਦੁਆਰਾ ਬਣਾਈ ਗਈ ਪਹਿਲੀ ਅੰਗਰੇਜ਼ੀ ਫੀਚਰ ਫ਼ਿਲਮ ਹੈ। ਇਹ ਫ਼ਿਲਮ ਰੈੱਡ ਆਈ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ ਹੈ, ਜਿਸ ਦਾ ਕਾਰਪੋਰੇਟ ਦਫ਼ਤਰ ਮੋਹਾਲੀ, ਪੰਜਾਬ ਵਿੱਚ ਹੈ।
ਲੇਖਕ ਤੇ ਨਿਰਦੇਸ਼ਕ ਪਰਵਿੰਦਰ ਸਿੰਘ ਵਡ਼ੈਚ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਮੰਗੂ’ ਐਕੁਏਰੀਅਮ ਵਿਚ ਇਕ ਛੋਟੀ ਮੱਛੀ ਹੈ। ਜਦੋਂ ਕਿ ਵੱਡੇ ਪੱਧਰ ’ਤੇ ਪੰਜਾਬ ਅਧਾਰਿਤ ਪ੍ਰੋਡਕਸ਼ਨ ਹਾਊਸ ਪੰਜਾਬੀ ਜਾਂ ਹਿੰਦੀ ਫ਼ਿਲਮਾਂ ਬਣਾਉਂਦੇ ਹਨ, ਅਸੀਂ ਇੱਕ ਨਵੀਂ ਸ਼ੈਲੀ ਨੂੰ ਅੰਗਰੇਜ਼ੀ ਭਾਸ਼ਾ ਦੀ ਫ਼ਿਲਮ ਦੇ ਨਾਲ ਪ੍ਰਯੋਗ ਕੀਤਾ ਹੈ।
ਉਨ੍ਹਾਂ ਦੱਸਿਆ ਫਿਲਮ ਦੀ ਕਹਾਣੀ ਇਸ ਦਾ ਮਜ਼ਬੂਤ ਬਿੰਦੂ ਹੈ ਤੇ ਇਹ ਲੀਗ ਨਾਲੋਂ ਵੱਖਰੀ ਹੈ। ਮੰਗੂ ਇੱਕ ਘਰੇਲੂ ਐਕੁਏਰੀਅਮ ਵਿੱਚ ਇੱਕ ‘ਅਸਲੀ ਮੱਛੀ’ ਦਾ ਨਾਮ ਹੈ, ਜੋ ਫ਼ਿਲਮ ਦਾ ਹੀਰੋ ਹੈ। ਫ਼ਿਲਮ ਬਣਾਉਣ ਲਈ ਕਿਸੇ ਵੀ ਐਨੀਮੇਸ਼ਨ ਦੀ ਵਰਤੋਂ ਨਹੀਂ ਕੀਤੀ ਗਈ ਹੈ। ‘ਮੰਗੂ, ਦਿ ਫਾਈਟਰ’ ਇੱਕ ਘਰ ਵਿੱਚ ਮੱਛੀਆਂ ਦੇ ਟੈਂਕ ਵਿੱਚ ਰਹਿੰਦੀਆਂ ਮੱਛੀਆਂ ਦੀ ਕਹਾਣੀ ਹੈ। ਘਰ ਦਾ ਮਾਲਕ ਘਰ ਖਾਲੀ ਕਰ ਦਿੰਦਾ ਹੈ ਅਤੇ ਮੱਛੀਆਂ ਅਤੇ ਪੌਦਿਆਂ ਲਈ ਇੱਕ ਕੇਅਰਟੇਕਰ ਨਿਯੁਕਤ ਕਰਦਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮੈਂ ਇਸ ਕਹਾਣੀ ਨੂੰ ਇੱਥੇ ਸਾਂਝਾ ਨਾ ਕਰ ਸਕਾਂ ਕਿਉਂਕਿ ਫਿਰ ਸਸਪੈਂਸ ਖਤਮ ਹੋ ਜਾਵੇਗਾ, ਪਰ ਮੈਂ ਕੀ ਕਹਿ ਸਕਦਾ ਹਾਂ ਕਿ ਫ਼ਿਲਮ ਦੀ ਕਹਾਣੀ ਰਚਨਾਤਮਕ ਤੌਰ ’ਤੇ ਮੰਗੂ ਦੀ ਹਿੰਮਤ ਅਤੇ ਬਹਾਦਰੀ ਨੂੰ ਦਰਸਾਉਂਦੀ ਹੈ।
ਨਿਰਮਾਤਾ ਸਵਰਨਜੀਤ ਕੌਰ ਵਡ਼ੈਚ ਨੇ ਦੱਸਿਆ, ਕਿ ‘‘ਫ਼ਿਲਮ ਦੀ ਸ਼ੂਟਿੰਗ ਮੋਹਾਲੀ ਅਤੇ ਚੰਡੀਗਡ਼੍ਹ ਦੀਆਂ ਵੱਖ-ਵੱਖ ਥਾਵਾਂ ‘ਤੇ 21 ਦਿਨਾਂ ਤੱਕ ਕੀਤੀ ਗਈ। ਉਨ੍ਹਾਂ ਕਿਹਾ ਕਿ 2 ਕਰੋਡ਼ ਰੁਪਏ ਦੇ ਕੁੱਲ ਬਜਟ ਵਾਲੀ ਫ਼ਿਲਮ ਪੂਰੀ ਹੈ ਅਤੇ ਵੱਡੇ ਓਟੀਟੀ ਪਲੇਟਫਾਰਮਾਂ ’ਤੇ ਰਿਲੀਜ਼ ਹੋਣ ਲਈ ਤਿਆਰ ਹੈ।”
ਸਵਰਨਜੀਤ ਕੌਰ ਵਡ਼ੈਚ ਨੇ ‘ਮੰਗੂ-ਦਾ ਫਾਈਟਰ’ ਦੇ ਨਿਰਮਾਣ ਵਿੱਚ ਆਈਆਂ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼ੂਟਿੰਗ ਦਾ ਔਖਾ ਹਿੱਸਾ ਇਹ ਸੀ ਕਿ ਸਾਨੂੰ ਮੱਛੀ ਦੇ ਆਪਣੀ ਸਥਿਤੀ ’ਤੇ ਆਉਣ ਅਤੇ ਆਪਣਾ ਮੂੰਹ ਖੋਲ੍ਹਣ ਲਈ ਸਬਰ ਨਾਲ ਇੰਤਜ਼ਾਰ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਦੂਜੀ ਚੁਣੌਤੀ ਜਿਸ ਦਾ ਸਾਨੂੰ ਸਾਹਮਣਾ ਕਰਨਾ ਪਿਆ ਉਹ ਬਹੁਤ ਜ਼ਿਆਦਾ ਠੰਡ ਸੀ, ਐਕੁਏਰੀਅਮ ਵਿੱਚ ਤਾਪਮਾਨ ਨੂੰ ਗਰਮ ਰੱਖਣਾ ਬਹੁਤ ਮਹੱਤਵਪੂਰਨ ਸੀ ਨਹੀਂ ਤਾਂ ਮੱਛੀਆਂ ਬਿਮਾਰ ਹੋ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਡਬਿੰਗ ਦੇ ਦੌਰਾਨ, ਸਾਨੂੰ ਮੱਛੀਆਂ ਦੇ ਬੁੱਲ੍ਹਾਂ ਦੀ ਹਿੱਲਜੁਲ ਨਾਲ ਸੰਵਾਦ ਦਾ ਮੇਲ ਕਰਨਾ ਪੈਂਦਾ ਸੀ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਅਦਾਕਾਰ ਵਿਨਮਰਜੋਤ ਸਿੰਘ ਵਡ਼ੈਚ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਤਕਰੀਬਨ 7 ਸਾਲ ਪਹਿਲਾਂ ਹਾਲੀਵੁੱਡ ਵਿੱਚ ਮੱਛੀਆਂ ’ਤੇ ਬਣੀ ਫ਼ਿਲਮ ‘ਫਾਈਂਡਿੰਗ ਡੋਰੀ’ ਰਿਲੀਜ਼ ਹੋਈ ਸੀ, ਉਸ ਤੋਂ ਬਾਅਦ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਜਾਨਵਰਾਂ ’ਤੇ ਕੋਈ ਫ਼ਿਲਮ ਨਹੀਂ ਬਣੀ। ਉਨ੍ਹਾਂ ਕਿਹਾ ਕਿ ਅਸਲ ਵਿੱਚ, ਅਵਤਾਰ ਅਤੇ ਐਵੇਂਜਰਜ਼ ਵਰਗੀਆਂ ਫੈਨਟਸੀ ਫਿਲਮਾਂ ਤੋਂ ਇਲਾਵਾ ਕੋਈ ਵੀ ਫਿਲਮ ਬੱਚਿਆਂ ਲਈ ਨਹੀਂ ਬਣਾਈ ਗਈ ਹੈ। ਇਸ ਲਈ ਸਾਨੂੰ ਭਰੋਸਾ ਹੈ ਕਿ ਇਹ ਫਿਲਮ ਜੋ ਇੱਕ ਨਵੀਂ ਸ਼ੈਲੀ ਵਿੱਚ ਬਣਾਈ ਗਈ ਹੈ, ਬੱਚਿਆਂ ਅਤੇ ਪਰਿਪੱਕ ਦਰਸ਼ਕਾਂ ਨੂੰ ਇੱਕ ਸਮਾਨ ਉਤਸ਼ਾਹਤ ਕਰੇਗੀ।
ਫ਼ਿਲਮ ਦੀ ਕ੍ਰਿਏਟਿਵ ਡਾਇਰੈਕਟਰ ਅਤੇ ਸੈਕਿੰਡ ਲੀਡ ਐਕਟਰ ਹਰਕਿਰਨ ਕੌਰ ਵਡ਼ੈਚ ਨੇ ਕਿਹਾ ਕਿ ਬੱਚੇ ਐਕੁਏਰੀਅਮ ਵਿੱਚ ਰੰਗੀਨ ਮੱਛੀਆਂ ਦੇ ਪਲ ਪਸੰਦ ਕਰਨਗੇ, ਜਦੋਂ ਕਿ ਬਾਲਗਾਂ ਨੂੰ ਇਸ ਦੇ ਪਿੱਛੇ ਦੀ ਕਹਾਣੀ ਜ਼ਰੂਰ ਪਸੰਦ ਆਵੇਗੀ। ਉਨ੍ਹਾਂ ਕਿਹਾ ਕਿ ਇਹ ਇੱਕ ਸ਼ਾਨਦਾਰ ਸੰਕਲਪਿਤ ਅਤੇ ਚੰਗੀ ਤਰ੍ਹਾਂ ਦਰਸਾਈ ਗਈ ਫਿਲਮ ਹੈ।
ਜ਼ਿਕਰਯੋਗ ਹੈ ਕਿ ਵਡ਼ੈਚ ਪਰਿਵਾਰ ਜੋ ਕਿ ਰੈੱਡ ਆਈ ਪ੍ਰੋਡਕਸ਼ਨ ਚਲਾਉਂਦਾ ਹੈ, ਪਿਛਲੇ 15 ਸਾਲਾਂ ਤੋਂ ਫਿਲਮਾਂ ਦੇ ਕਾਰੋਬਾਰ ਨਾਲ ਜੁਡ਼ਿਆ ਹੋਇਆ ਹੈ। ਉਨ੍ਹਾਂ ਨੇ ਆਪਣੀਆਂ ਫਿਲਮਾਂ ਅਤੇ ਲਘੂ ਫਿਲਮਾਂ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ। ਉਨ੍ਹਾਂ ਦੀਆਂ ਪਿਛਲੀਆਂ ਪੁਰਸਕਾਰ ਜੇਤੂ ਫਿਲਮਾਂ ਹਨ, ‘ਟੈਂਕ ਕਲੀਨਰ’, ‘ਗੈਸਟ ਅਨਵਾਂਟਡ’ ਅਤੇ ‘ਸ਼ੂ ਮੇਕਰ’।
ਫਿਲਮ ਦੇ ਹੋਰ ਕਲਾਕਾਰਾਂ ਵਿੱਚ ਰਮਨਦੀਪ, ਹੈਪੀ ਬੰਨਮਾਜਰਾ ਅਤੇ ਜਸਬੀਰ ਢਿੱਲੋਂ ਸ਼ਾਮਿਲ ਹਨ। ਦੂਜੀ ਯੂਨਿਟ ਦੇ ਨਿਰਦੇਸ਼ਕ ਅਨੁਰਾਗ ਸ਼ਰਮਾ ਹਨ, ਪ੍ਰੋਡਕਸ਼ਨ ਮੁਖੀ ਮੋਹਨ ਸ਼ਰਮਾ ਹਨ, ਸਾਹਿਲ ਕੁਮਾਰ ਮੁੱਖ ਸਹਾਇਕ ਨਿਰਦੇਸ਼ਕ ਹਨ, ਸਾਹਿਲ ਪਹਿਲਾ ਸਹਾਇਕ ਨਿਰਦੇਸ਼ਕ ਹੈ, ਜਦੋਂ ਕਿ ਹਿਮਾਂਸ਼ੂ ਪ੍ਰੋਡਕਸ਼ਨ ਮੈਨੇਜਰ ਅਤੇ ਰਵਿੰਦਰ ਸਿੰਘ ਪ੍ਰੋਡਕਸ਼ਨ ਕੰਟਰੋਲਰ ਹਨ।
ਮੰਗੂ ਦਾ ਫ਼ਾਈਟਰ ਨਾਮੀਂ ਇਹ Ðਫੀਚਰ ਫਿਲਮ ਇੱਕ ਘੰਟਾ ਪੰਤਾਲੀ ਮਿੰਟ ਹੈ। ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਬਣਾਈ ਗਈ ਇਸ ਫਿਲਮ ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਉਡ਼ੀਆ ਵਿੱਚ ਡਬ ਕੀਤਾ ਗਿਆ ਹੈ। ਇਸ ਨੂੰ ਜਲਦੀ ਹੀ ਵਿਦੇਸ਼ੀ ਭਾਸ਼ਾਵਾਂ ਫਰੈਂਚ, ਜਰਮਨ, ਸਪੈਨਿਸ਼, ਇਤਾਲਵੀ, ਕੋਰੀਅਨ ਅਤੇ ਇੱਥੋਂ ਤੱਕ ਕਿ ਜਾਪਾਨੀ ਵਿੱਚ ਵੀ ਡਬ ਕੀਤਾ ਜਾਵੇਗਾ।