ਮਾਨਸਾ, 18 ਅਕਤੂਬਰ( ਵਿਸ਼ਵ ਵਾਰਤਾ)-ਮਾਨਸਾ ਦੀਆਂ ਰੇਲਵੇ ਲਾਈਨਾਂ ‘ਤੇ ਲੱਗੇ ਧਰਨੇ ਦੌਰਾਨ ਜਿਹੜੇ ਕਿਸਾਨ ਜੁਗਰਾਜ ਸਿੰਘ (50) ਦਾ ਬੀਤੀ ਕੱਲ੍ਹ ਦੇਹਾਂਤ ਹੋ ਗਿਆ ਸੀ, ਉਸਦਾ ਅੱਜ ਅੰਤਿਮ ਸਸਕਾਰ ਨਹੀਂ ਹੋ ਸਕਿਆ। ਸੰਘਰਸ਼ੀ ਕਿਸਾਨ ਜਥੇਬੰਦੀਆਂ ਵੱਲੋਂ ਉਸ ਨੂੰ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਅੰਦੋਲਨ ਦਾ ਸ਼ਹੀਦ ਐਲਾਨਿਆ ਹੋਇਆ ਹੈ ਅਤੇ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਸਾਹਮਣੇ 10 ਲੱਖ ਰੁਪਏ ਮੁਆਵਜ਼ਾ,ਸਰਕਾਰੀ/ਪ੍ਰਾਈਵੇਟ ਕਰਜ਼ਾ ਮੁਆਫ਼ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਪ੍ਰਸਤਾਵ ਰੱਖਿਆ ਹੋਇਆ ਹੈ।
ਜਥੇਬੰਦੀਆਂ ਵੱਲੋਂ ਅੱਜ ਮ੍ਰਿਤਕ ਕਿਸਾਨ ਜੁਗਰਾਜ ਸਿੰਘ ਸਬੰਧੀ ਮੁਆਵਜ਼ਾ ਲੈਣ ਲਈ ਇੱਕ ਕਮੇਟੀ ਬਣਾਈ ਗਈ, ਜਿਸ ਵਿੱਚ ਕੁਲਦੀਪ ਸਿੰਘ ਚੱਕ ਭਾਈਕੇ,ਅਮਰੀਕ ਸਿੰਘ ਫਫੜੇ,ਮਹਿੰਦਰ ਸਿੰਘ ਭੈਣੀਬਾਘਾ,ਕੁਲਵਿੰਦਰ ਸਿੰਘ ਉਡਤ ਨੂੰ ਮੈਂਬਰ ਲਿਆ ਗਿਆ ਹੈ।
ਇੱਕ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਮੈਂਬਰਾਂ ਨਾਲ ਮਾਨਸਾ ਦੇ ਐਸਡੀਐਮ ਸ਼ਿਖਾ ਭਗਤ, ਤਹਿਸੀਲਦਾਰ ਅਮਰਜੀਤ ਸਿੰਘ ਅਤੇ ਡੀਐਸਪੀ ਗੁਰਮੀਤ ਸਿੰਘ ਵੱਲੋਂ ਸਸਕਾਰ ਲਈ ਗੱਲਬਾਤ ਕੀਤੀ ਗਈ, ਪਰ ਸਰਕਾਰੀ ਅਧਿਕਾਰੀ ਜਥੇਬੰਦੀਆਂ ਵੱਲੋਂ ਰੱਖੇ ਗਏ ਪ੍ਰਸਤਾਵ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦੇਕੇ ਸਸਕਾਰ ਕਰਵਾਉਣਾ ਚਾਹੁੰਦੇ ਸਨ, ਜਿਸ ਨੂੰ ਸੰਘਰਸ਼ ਧਿਰਾਂ ਵੱਲੋਂ ਠੁਕਰਾਇਆ ਗਿਆ ਹੈ।
ਇਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਜੁਗਰਾਜ ਸਿੰਘ ਦੀ ਦੇਹ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਰੱਖਿਆ ਹੋਇਆ ਹੈ।