ਸਰਕਾਰੀਆ ਵੱਲੋਂ ਸਾਰੇ ਡੀ.ਸੀਜ਼ ਅਤੇ ਐਸ.ਐਸ.ਪੀਜ਼ ਨੂੰ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੀਆਂ ਸਖਤ ਹਦਾਇਤਾਂ
– ਦਰਿਆਵਾਂ ‘ਚੋਂ ਮਸ਼ੀਨਰੀ ਅਤੇ ਹੋਰ ਸਾਮਾਨ ਚੁੱਕਣ ਦੇ ਨਿਰਦੇਸ਼
– ਉਨਾਂ ਖਾਣਾਂ ‘ਤੇ ਮਾਈਨਿੰਗ ਹੋ ਸਕੇਗੀ ਜੋ ਦਰਿਆਵਾਂ ਤੋਂ ਬਾਹਰ ਹਨ
ਚੰਡੀਗੜ, 3 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਦੇ ਖਣਨ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਜ਼ ਅਤੇ ਐਸ.ਐਸ.ਪੀਜ਼ ਨੂੰ ਮੌਨਸੂਨ ਦੇ ਸੀਜ਼ਨ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੀਆਂ ਸਖਤ ਹਦਾਇਤਾਂ ਕੀਤੀਆਂ ਹਨ।
ਇੱਥੋਂ ਜਾਰੀ ਇਕ ਬਿਆਨ ਵਿਚ ਸ੍ਰੀ ਸਰਕਾਰੀਆ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਵਾਤਾਵਰਣ ਕਲੀਅਰੈਂਸ ਦੀਆਂ ਸ਼ਰਤਾਂ ਮੁਤਾਬਿਕ ਮੌਨਸੂਨ ਸੀਜ਼ਨ ਦੌਰਾਨ 1 ਜੁਲਾਈ ਤੋਂ 30 ਸਤੰਬਰ, 2018 ਤੱਕ ਦਰਿਆਵਾਂ (ਰੀਵਰ ਬੈੱਡ) ਵਿਚ ਮਾਈਨਿੰਗ ‘ਤੇ ਮਨਾਹੀ ਹੈ। ਇਸ ਲਈ ਸਾਰੇ ਡੀ.ਸੀਜ਼ ਅਤੇ ਐਸ.ਐਸ.ਪੀਜ਼ ਨੂੰ ਇਕ ਪੱਤਰ ਜਾਰੀ ਕਰਕੇ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਦਰਿਆਵਾਂ ਵਿਚਲੀਆਂ ਖਾਣਾਂ ‘ਤੇ ਚੌਕਸੀ ਰੱਖੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਮੌਨਸੂਨ ਸੀਜ਼ਨ ਦੌਰਾਨ ਇਨਾ ਖੱਡਾਂ ਵਿਚੋਂ ਕੋਈ ਨਿਕਾਸੀ ਨਾ ਹੋਵੇ।
ਖਣਨ ਮੰਤਰੀ ਨੇ ਕਿਹਾ ਕਿ ਜੇਕਰ ਮਨਾਹੀ ਵਾਲੀਆਂ ਖੱਡਾਂ ‘ਤੇ ਕਿਸੇ ਪ੍ਰਕਾਰ ਦੀ ਨਿਕਾਸੀ ਫੜੀ ਜਾਂਦੀ ਹੈ ਤਾਂ ਨਿਕਾਸੀਕਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਤ ਅਧਿਕਾਰੀ ਨੂੰ ਵੀ ਬਖਸ਼ਿਆਂ ਨਹੀਂ ਜਾਵੇਗਾ। ਸ੍ਰੀ ਸਰਕਾਰੀਆ ਨੇ ਸਖਤ ਸ਼ਬਦਾਂ ਵਿਚ ਕਿਹਾ ਹੈ ਕਿ ਮਨਾਹੀ ਵਾਲੀਆਂ ਖੱਡਾਂ ‘ਤੇ ਮਾਈਨਿੰਗ ਨਾਲ ਸਬੰਧਤ ਕੋਈ ਵੀ ਮਸ਼ੀਨਰੀ ਜਾਂ ਸਬੰਧਤ ਸਾਮਾਨ ਮੌਜੂਦ ਨਹੀਂ ਹੋਣਾ ਚਾਹੀਦਾ ਅਤੇ ਸਬੰਧਤ ਅਧਿਕਾਰੀ ਇਨਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।
ਉਨਾ ਕਿਹਾ ਕਿ ਮੌਨਸੂਨ ਦੇ ਸੀਜ਼ਨ ਦੌਰਾਨ ਆਮ ਲੋਕਾਂ ਨੂੰ ਰੇਤ ਦੀ ਕੋਈ ਕਮੀ ਨਾ ਆਵੇ ਇਸ ਲਈ ਵੱਖ-ਵੱਖ ਜ਼ਿਲਿਆਂ ਦੀਆਂ ਉਨਾ ਖਾਣਾਂ ‘ਤੇ ਮਾਈਨਿੰਗ ਹੋ ਸਕੇਗੀ ਜੋ ਕਿ ਦਰਿਆਵਾਂ ਤੋਂ ਬਾਹਰ ਹਨ।
ਸ੍ਰੀ ਸਰਕਾਰੀਆ ਨੇ ਦੱਸਿਆ ਕਿ ਸੂਬੇ ਵਿਚ ਬੱਜਰੀ ਦੀਆਂ 47 ਖਾਣਾਂ ਦੀ ਅਸੈਸਮੈਂਟ ਦਾ ਕੰਮ ਵੀ ਜਾਰੀ ਹੈ ਅਤੇ ਜਲਦ ਹੀ ਇਨਾ ਦੀ ਨਿਲਾਮੀ ਕਰਵਾਈ ਜਾਵੇਗੀ। ਇਸ ਨਾਲ ਕਰੈਸ਼ਰ ਉਦਯੋਗ ਨੂੰ ਹੋਰ ਜ਼ਿਆਦਾ ਕੱਚਾ ਮਾਲ ਉਪਲੱਬਧ ਹੋਵੇਗਾ ਅਤੇ ਬੱਜਰੀ ਦੀ ਕਿੱਲਤ ਦੂਰ ਕੀਤੀ ਜਾ ਸਕੇਗੀ, ਜਿਸਦਾ ਸਿੱਧਾ ਫਾਇਦਾ ਸੂਬੇ ਦੇ ਲੋਕਾਂ ਨੂੰ ਪੁੱਜੇਗਾ।
ਉਨਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿਚ ਵੱਖਰੇ ਤੌਰ ‘ਤੇ ਮਾਈਨਜ਼ ਅਤੇ ਜਿਆਲੋਜੀ ਵਿਭਾਗ ਦੀ ਸਥਾਪਨਾ ਹੋ ਚੁੱਕੀ ਹੈ। ਇਸ ਵਿਭਾਗ ਵਿਚ 6 ਕਾਰਜਕਾਰੀ ਇੰਜੀਨੀਅਰ ਰੈਂਕ ਦੇ ਅਧਿਕਾਰੀਆਂ ਨੂੰ ਬਤੌਰ ਜ਼ਿਲਾ ਮਾਈਨਿੰਗ ਅਫਸਰ ਤੈਨਾਤ ਕੀਤਾ ਗਿਆ ਹੈ ਜਦਕਿ ਸਬ-ਡਵੀਜ਼ਨਲ ਰੈਂਕ ਦੇ 28 ਅਫਸਰਾਂ ਨੂੰ ਬਤੌਰ ਸਹਾਇਕ ਮਾਈਨਿੰਗ ਅਫਸਰ ਤੈਨਾਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜੂਨੀਅਰ ਇੰਜੀਨੀਅਰ ਸਮੇਤ ਹੋਰ ਦਫਤਰੀ ਅਮਲੇ ਨੂੰ ਵੀ ਜਲਦ ਹੀ ਜ਼ਿਲਿਆਂ ਵਿਚ ਲਾ ਦਿੱਤਾ ਜਾਵੇਗਾ। ਉਨਾ ਪੰਜਾਬ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਬਹੁਤ ਜਲਦ ਮਾਈਨਿੰਗ ਵਿਭਾਗ ਸੁਚਾਰੂ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਰੇਤ-ਬੱਜਰੀ ਲਈ ਲੋਕਾਂ ਦੀ ਹੁੰਦੀ ਲੁੱਟ-ਖਸੁੱਟ ਅਤੇ ਖੱਜਲ-ਖੁਆਰੀ ਨੂੰ ਦੂਰ ਕਰ ਦਿੱਤਾ ਜਾਵੇਗਾ।