– ਇੰਸਟੀਚਿਊਟ ਦੇ 19 ਕੈਡਿਟਸ ਦੀ ਨੈਸ਼ਨਲ ਡਿਫੈਂਸ ਅਕੈਡਮੀ ਅਤੇ 01 ਕੈਡਿਟ ਦੀ ਇੰਡੀਅਨ ਨੇਵਲ ਅਕੈਡਮੀ ਲਈ ਚੋਣ
– ਪੂਰੇ ਭਾਰਤ ਵਿੱਚੋਂ ਕੈਡਿਟ ਗੁਰਬੀਰ ਸਿੰਘ ਸੋਮਲ ਨੇ 10ਵਾਂ ਅਤੇ ਅਮੋਲ ਗੌਤਮ ਨੇ ਹਾਸਲ ਕੀਤਾ 12ਵਾਂ ਸਥਾਨ
ਐਸ.ਏ.ਐਸ. ਨਗਰ, 10 ਮਈ (ਵਿਸ਼ਵ ਵਾਰਤਾ)- ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ 20 ਕੈਡਿਟਸ ਦੀ ਇੰਡੀਅਨ ਡਿਫੈਂਸ ਅਕੈਡਮੀ ਅਤੇ ਇੰਡੀਅਨ ਨੇਵਲ ਅਕੈਡਮੀ ਲਈ ਚੋਣ ਹੋਈ ਹੈ। ਐਨਡੀਏ ਦਾਖ਼ਲਾ ਪ੍ਰੀਖਿਆ ਦੇਣ ਵਾਲੇ ਦੇਸ਼ ਭਰ ਦੇ 05 ਲੱਖ ਵਿਦਿਆਰਥੀਆਂ ਵਿੱਚੋਂ ਇਸ ਇੰਸਟੀਚਿੂਟ ਦੇ 07 ਕੈਡਿਟਸ ਨੇ ਪਹਿਲੇ 50 ਸਥਾਨ ਹਾਸਲ ਕਰਨ ਵਾਲਿਆਂ ਵਿੱਚ ਵੀ ਥਾਂ ਬਣਾਈ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਸੇਵਾ ਮੁਕਤ ਮੇਜਰ ਜਨਰਲ ਬੀ.ਐਸ. ਗਰੇਵਾਲ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 35 ਕੈਡਿਟਸ ਨੇ ਐਨ.ਡੀ.ਏ. ਦਾਖ਼ਲਾ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 80 ਫ਼ੀਸਦ ਭਾਵ 28 ਨੂੰ ਸਫ਼ਲਤਾ ਮਿਲੀ ਸੀ। ਦੇਸ਼ ਦੇ ਵੱਖ-ਵੱਖ ਸੈਂਟਰਾਂ ਵਿੱਚ ਹੋਈ ਐਸ.ਐਸ.ਬੀ. ਇੰਟਰਵਿਊ ਉਪਰੰਤ ਇਸ ਇੰਸਟੀਚਿਊਟ ਦੇ 20 ਕੈਡਿਟਸ ਨੂੰ ਸਫ਼ਲਤਾ ਮਿਲੀ, ਜਿਨ੍ਹਾਂ ਵਿੱਚੋਂ 19 ਕੈਡਿਟਸ ਦੀ ਐਨ.ਡੀ.ਏ. ਲਈ ਚੋਣ ਹੋਈ ਜਦਕਿ ਇੱਕ ਕੈਡਿਟ ਦੀ ਚੋਣ ਇੰਡੀਅਨ ਨੇਵਲ ਅਕੈਡਮੀ ਲਈ ਹੋਈ ਹੈ।
ਸ. ਗਰੇਵਾਲ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚੋਂ 05 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਤੇ ਪਹਿਲੇ 50 ਸਥਾਨ ਹਾਸਲ ਕਰਨ ਵਾਲਿਆਂ ਵਿੱਚ 07 ਕੈਡਿਟਸ ਉਨ੍ਹਾਂ ਦੀ ਅਕੈਡਮੀ ਦੇ ਹਨ। ਇਸ ਅਕੈਡਮੀ ਦੇ ਕੈਡਿਟ ਗੁਰਬੀਰ ਸਿੰਘ ਸੋਹਲ ਨੇ 10ਵਾਂ ਤੇ ਕੈਡਿਟ ਅਮੋਲ ਗੌਤਮ ਨੇ 12ਵਾਂ ਸਥਾਨ ਹਾਸਲ ਕੀਤਾ ਹੈ। ਇੰਜਨੀਅਰਿੰਗ ਮੈਨੇਜਰ ਦਾ ਪੁੱਤਰ ਕੈਡਿਟ ਗੁਰਬੀਰ ਸਿੰਘ ਰੋਪੜ ਦਾ ਰਹਿਣ ਵਾਲਾ ਹੈ ਅਤੇ ਅਨਮੋਲ ਗੌਤਮ ਨੰਗਲ ਦਾ ਰਹਿਣ ਵਾਲਾ ਹੈ ਤੇ ਉਸ ਦੇ ਪਿਤਾ ਵਕੀਲ ਹਨ। ਪਹਿਲੇ 50 ਸਥਾਨਾਂ ਵਿੱਚ ਥਾਂ ਹਾਸਲ ਕਰਨ ਵਾਲੇ ਇਸ ਅਕੈਡਮੀ ਦੇ ਹੋਰਨਾਂ ਕੈਡਿਟਸ ਵਿੱਚ ਸੁਖਦੀਪ ਸਿੰਘ, ਰਾਘਵ ਅਰੋੜਾ, ਜਪਨੀਤ ਸਿੰਘ, ਤੇਗਜੀਤ ਸਿੰਘ ਅਤੇ ਆਸ਼ਰੇਅ ਠੁਕਰਾਲ ਸ਼ਾਮਲ ਹਨ।
ਡਾਇਰੈਕਟਰ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਹੁਣ ਤੱਕ 90 ਕੈਡਿਟਸ ਨੂੰ ਐਨ.ਡੀ.ਏ. ਤੇ ਹੋਰਨਾਂ ਅਕੈਡਮੀਜ਼ ਵਿੱਚ ਭੇਜ ਚੁੱਕਿਆ ਹੈ। ਉਪਰੋਕਤ ਕੈਡਿਟਸ ਦੇ ਅਕੈਡਮੀਜ਼ ਜੁਆਇਨ ਕਰਨ ‘ਤੇ ਪੰਜ ਸਾਲ ਤੋਂ ਥੋੜ੍ਹੇ ਜਿਹੇ ਵੱਧ ਸਮੇਂ ਦੌਰਾਨ ਇਸ ਇੰਸਟੀਚਿਊਟ ਦੇ ਐਨ.ਡੀ.ਏ. ਤੇ ਹੋਰਨਾਂ ਅਕੈਡਮੀਜ਼ ਵਿੱਚ ਜਾਣ ਵਾਲੇ ਕੈਡਿਟਸ ਦੀ ਗਿਣਤੀ 100 ਦਾ ਅੰਕੜਾ ਪਾਰ ਕਰ ਜਾਵੇਗੀ। ਇਸ ਸਾਲ ਜੂਨ ਵਿੱਚ ਵੀ ਟਰੇਨਿੰਗ ਪੂਰੀ ਹੋਣ ‘ਤੇ ਇਸ ਅਕੈਡਮੀ ਤੋਂ ਟਰੇਨਿੰਗ ਹਾਸਲ ਕਰ ਚੁੱਕੇ 20 ਕੈਡਿਟਸ ਕਮਿਸ਼ਨਡ ਅਫ਼ਸਰ ਬਣਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਵਿੱਚ ਵੱਡੇ ਪੱਧਰ ‘ਤੇ ਪੰਜਾਬ ਦੀ ਸ਼ਮੂਲੀਅਤ ਕਰਵਾਉਣ ਦੇ ਸੁਫ਼ਨੇ ਨਾਲ ਸ਼ੁਰੂ ਕੀਤੇ ਇਸ ਇੰਸਟੀਚਿਊਟ ਦੀਆਂ ਕੋਸ਼ਿਸ਼ਾਂ ਨੂੰ ਹੁਣ ਲਗਾਤਾਰ ਬੂਰ ਪੈ ਰਿਹਾ ਹੈ।
ਫੋਟੋ ਕੈਪਸ਼ਨ: ਐਨ.ਡੀ.ਏ. ਪ੍ਰੀਖਿਆ ਵਿੱਚੋਂ ਭਾਰਤ ਵਿੱਚੋਂ 10 ਵਾਂ ਸਥਾਨ ਹਾਸਲ ਕਰਨ ਵਾਲਾ ਕੈਡਿਟ ਗੁਰਬੀਰ ਸਿੰਘ ਸੋਹਲ।
ਐਨ.ਡੀ.ਏ. ਪ੍ਰੀਖਿਆ ਵਿੱਚੋਂ ਭਾਰਤ ਵਿੱਚੋਂ 12 ਵਾਂ ਸਥਾਨ ਹਾਸਲ ਕਰਨ ਵਾਲਾ ਕੈਡਿਟ ਅਮੋਲ ਗੌਤਮ।